ਅੱਖੀਂ ਡਿੱਠਾ ਮੇਲਾ
Ankhi Dittha Mela
ਸ਼ਾਇਦ ਹੀ ਕੋਈ ਸਪਤਾਹ ਹੋਏ ਜਿਸ ਵਿੱਚ ਪੰਜਾਬ ਦੇ ਕਿਸੇ–ਨਾ–ਕਿਸੇ ਸਥਾਨ ਤੇ ਕਿਸੇ–ਨਾ–ਕਿਸੇ ਦਿਨ ਕੋਈ ਮੇਲਾ ਨਾ ਲੱਗਦਾ ਹੋਏ। ਪੰਜਾਬ ਤਾਂ ਹੈ ਹੀ ਮੇਲਿਆਂ ਅਤੇ ਗੀਤਾਂ ਦਾ ਦੇਸ਼ ਇਸ ਰੰਗਲੀ ਧਰਤੀ ਉੱਤੇ ਕਦੀ ਕਿਸੇ ਮਹਾਂ–ਪੁਰਖ ਦੇ ਕਿਸੇ ਅਸਥਾਨ ਉੱਤੇ ਰੌਣਕਾਂ ਲੱਗਦੀਆਂ ਹਨ, ਕਦੀ ਕਿਸੇ ਪੀਰਫ਼ਕੀਰ ਦੀ ਸਮਾਧ ਉੱਤੇ ਲੋਕ ਹੁੰਮ–ਹੁਮਾ ਕੇ ਇਕੱਠੇ ਹੁੰਦੇ ਹਨ, ਕਦੀ ਕਿਸੇ ਬਦਲਦੀ ਰੁੱਤ ਦੇ ਸੁਆਗਤ ਵਿੱਚ ਨੱਚਿਆ–ਟੱਪਿਆ ਜਾਂਦਾ ਹੈ ਅਤੇ ਕਦੀ ਕਿਸੇ ਫ਼ਸਲ ਦੇ ਪੱਕਣ ਤੇ ਕਿਸਾਨ ਢੋਲ ਉੱਤੇ ਡੱਗਾ ਮਾਰ ਕੇ ਗਿੱਧਾ ਪਾਉਂਦੇ ਹੋਏ ਆਪਣੀ ਦਿਲੀ ਖ਼ੁਸ਼ੀ ਨੂੰ ਗੀਤਾਂ ਰਾਹੀਂ ਆਪ–ਮੁਹਾਰੇ ਪ੍ਰਗਟਾਉਂਦੇ ਹਨ। ਇਨ੍ਹਾਂ ਇਕੱਠਾਂ ਜਾਂ ਮੇਲਿਆਂ ਦੀ ਰੌਣਕ ਤਾਂ ਬਸ ਅੱਖੀਂ ਵੇਖ ਕੇ ਅਤੇ ਕੰਨੀਂ ਸੁਣ ਕੇ ਮਾਣੀ ਜਾਣ ਵਾਲੀ ਹੁੰਦੀ ਹੈ। ਕਿਸੇ ਦੇ ਮੂੰਹੋਂ ਕਿਸੇ ਮੇਲੇ ਬਾਰੇ ਸੁਣ ਕੇ ਜਾਂ ਲੇਖ ਪੜ੍ਹ ਕੇ ਉਹ ਸਰੂਰ ਨਹੀਂ ਆ ਸਕਦਾ ਜਿਹੜਾ ਕਿ ਆਪ ਇੱਕ ਮੇਲੀ ਹੋਣ ਦੇ ਨਾਤੇ ਮਾਣਿਆ ਜਾ ਸਕਦਾ ਹੈ।ਫਿਰ ਵੀ ਅਸੀਂ ਇੱਕ ਅੱਖੀਂ ਡਿੱਠੇ ਮੇਲੇ ਨੂੰ ਇਸ ਢੰਗ ਨਾਲ ਵਰਨਣ ਕਰਨ ਦਾ ਯਤਨ ਕਰਾਂਗੇ ਕਿ ਪਾਠਕ ਵੀ ਸੁਆਦ ਲੈ ਸਕਣ।
ਪੰਜਾਬੀ ਦਾ ਇੱਕ ਪ੍ਰਸਿੱਧ ਅਖਾਣ ਹੈ, ਮੇਲਾ ਮੇਲੀਆਂ ਦਾ ਪੈਸਾ ਧੇਲੀਆਂ ਦਾ। ਇਸ ਦੇ ਪਹਿਲੇ ਭਾਗ ਅਨੁਸਾਰ ਸਾਥੀਆਂ ਤੋਂ ਬਿਨਾਂ ਮੇਲਾ ਵੇਖਣ ਦਾ ਕੋਈ ਹੱਜ ਨਹੀਂ ਹੁੰਦਾ। ਇੱਕ ਵਾਰੀ ਮੈਂ ਪਿੰਡ ਗਿਆ ਹੋਇਆ ਸੀ, ਉਥੇ ਆਉਂਦੇ ਐਤਵਾਰ ਨੂੰ ਬਾਬੇ ਭੂਰੀ ਵਾਲੇ ਦਾ ਮੇਲਾ ਲੱਗਣਾ ਸੀ।ਮੇਰੇ ਮਿੱਤਰਾਂ ਨੇ ਇਕਦੋ ਦਿਨ ਪਹਿਲਾਂ ਹੀ ਇਕੱਠਿਆਂ ਜਾਣ ਦੀਆਂ ਸਲਾਹਾਂ ਬਣਾ ਲਈਆਂ ਸਨ।
ਐਤਵਾਰ ਪ੍ਰਭਾਤ ਵੇਲੇ ਹੀ, ਕੁੱਕੜ ਦੀ ਬਾਂਗ ਨਾਲ, ਸਾਡਾ ਬੂਹਾ ਖੜਕਿਆ। ਮੇਰੀ ਜਾਗ ਖੁੱਲ੍ਹ ਗਈ । ਮੈਂ ਆਪਣੇ ਮਿੱਤਰਾਂ–ਬੀਰੇ, ਕਾਕੂ ਮੰਗੂ ਅਤੇ ਸਮੁੰਦੇ–ਨੂੰ ਵਿਹੜੇ ਵਿੱਚ ਖੜਾ ਵੇਖਿਆ।ਉਹ ਮੇਲੇ ਜਾਣ ਲਈ ਮੈਨੂੰ ਸੱਦਣ ਆਏ ਹੋਏ ਸਨ ।ਮੈਂ ਇਕ ਦਮ ਉੱਠਿਆ, ਮੂੰਹ–ਹੱਥ ਧੋਤੇ ਅਤੇ ਪਤਲੂਨ ਕੱਸ ਕੇ ਤਿਆਰ ਹੋ ਗਿਆ।ਮੇਰੇ ਮਾਤਾ ਜੀ ਨੇ ਪਹਿਲਾਂ ਹੀ ਮੇਰੇ ਲਈ ਚਾਰ ਕੁ ਪਰਾਉਂਠੇ ਪਕਾ ਕੇ ਰੱਖੇ ਸਨ।ਉਨ੍ਹਾਂ ਮੈਨੂੰ ਪਰਾਉਂਠੇ ਨਾਲ ਲਿਜਾਣ ਲਈ ਕਿਹਾ।ਮੈਂ ਆਪਣੇ ਸ਼ਹਿਰੀ ਤੇ ਕਾਲਜੀ ਸੁਭਾਅ ਅਨੁਸਾਰ ਨਾਂਹ ਨਾਂਹ ਕਰਦਾ ਹੀ ਰਹਿ ਗਿਆ ਕਿ ਬੀਰੇ ਨੇ ਆਪਣੇ ਪਰਨੇ ਵਿੱਚ ਬੰਨ੍ਹ ਲਏ।
ਸਾਡੀ ਪੰਜਾਂ ਦੀ ਟੋਲੀ ਮੁੰਹ–ਹਨੇਰੇ ਹੀ ਮੇਲੇ ਵੱਲ ਤੁਰ ਪਈ । ਮੇਰੇ ਸਾਥੀਆਂ ਦੀਆਂ ਕੋਰੀ ਪਾਪਲੀਨ ਦੀਆਂ ਚਾਦਰਾਂ ਦੀ ਖੜ ਖੜ ਚੁੱਪ–ਚਾਂ ਵਿੱਚ ਅਵਾਜ਼ ਪੈਦਾ ਕਰਦੀ ਸੀ।ਉਨ੍ਹਾਂ ਦੀਆਂ ਲਾਲ–ਪੀਲੀਆਂ ਪੱਗਾਂ ਅਸਮਾਨੀ ਛੰਹਦੇ ਤਰੇ ਹਾਲੀਂ ਅਨੇਰੇ ਵਿੱਚ ਨਜ਼ਰ ਨਹੀਂ ਸਨ ਆ ਰਹੇ।ਅਸੀਂ ਵਾਹੋ–ਦਾਹੀ ਮੀਲ, ਸਵਾ ਮੀਲ ਪੈਂਡਾ ਕਰ ਲਿਆ ਸੀ ਕਿ ਪੂਰਬ ਵੱਲੋਂ ਲਾਲੀ ਨੇ ਆਲਿਸ਼ਕਾਰਾ ਮਾਰਿਆ ਅਸੀਂ ਵੇਖਿਆ ਕਿ ਟੋਲੀਆਂ ਚਾਰ–ਚੁਫੇਰਿਉਂ ਪਿੰਡਾਂ ਵੱਲੋਂ ਆ ਰਹੀਆਂ ਸਨ ਛੁੱਟ ਮੇਰੇ ਲਗਪਗ ਸਭ ਮੇਲੀਆਂ ਦੇ ਕੱਪੜੇ ਖਾਸ ਇਸੇ ਲਈ ਸਵਾਏ ਗਏ ਜਾਪਦੇ ਸਨ। ਨਵਿਆਂ ਗਿਆਂ, ਨਵੀਆਂ ਸਲਵਾਰਾਂ ਤੇ ਨਵ–ਰੰਗਾਈਆਂ ਚੰਨੀਆਂਦਾ ਜਿਵੇਂ ਠਾਠਾਂ ਮਾਰਦਾ ਦਰਿਆ ਵਹਿ ਰਿਹਾ ਹੋਏ ।ਕਈਆਂ ਝੱਗਿਆਂ–ਚਾਦਰਾਂ ‘ਤੇ ਤਾਂ ਮਿੱਲ ਦੀ ਮੁਹਰ ਵੀ ਸਾਫ਼ ਵਿਖਾਈ ਦੇਂਦੀ ਸੀ।
ਬੀਰੇ ਨੇ ਅੱਗੇ ਇਸ਼ਾਰਾ ਕਰਦਿਆਂ ਕਿਹਾ, “ਚਲੋ, ਜ਼ਰਾ ਪੈਰ ਪੁੱਟੋ, ਔਹ ਵੇਖੋ ਕੁੜੀਆਂ ਦੀ ਟੋਲੀ …. ਉਸ ਦੀ ਗੱਲ ਪੂਰੀ ਨਾ ਸੁਣਦਿਆਂ, ਪਰ ਉਸ ਦਾ ਮਤਲਬ ਸਮਝਦਿਆਂ ਅਸੀਂ ਹੋਰ ਤੇਜ਼ ਹੋ ਗਏ।ਉਸ ਟੋਲੀ ਕੋਲ ਜਾਕੇ ਸਮੁੰਦੇ ਨੇ ਉੱਚੀ ਸੁਰ ਵਿੱਚ ਗਾਉਣਾ ਸ਼ੁਰੂ ਕੀਤਾ:
ਮੇਰਾ ਡਿਗਿਆ ਰੁਮਾਲ ਫੜਾ ਦੇ,
ਨੀ ਰਾਹੇ ਰਾਹੇ ਜਾਣ ਵਾਲੀਏ ।
ਇਸ ਤੋਂ ਬਾਅਦ ਸਾਰਿਆਂ ਨੇ ਮੁਟਿਆਰਾਂ ਨੂੰ ਸੁਣਾ ਸੁਣਾ ਕੇ ਕਈ ਬੋਲੀਆਂ ਪਾਈਆਂ ; ਜਿਵੇਂ ਕਿ:
1. ਹਾਕਾਂ ਮਾਰਦੇ ਬੱਕਰੀਆਂ ਵਾਲੇ,
ਨਾ ਦੁੱਧ ਪੀ ਕੇ ਜਾਈਂ ਬਚਨੋਂ।
2. ਤੈਨੂੰ ਲੈ ਦਉਂ ਸਲੀਪਰ ਕਾਲੇ,
ਨੀ ਭਾਵੇਂ ਮੇਰੀ ਮਹਿੰ ਵਿਕ ਜਾਏ।
3. ਤੈਨੂੰ ਤਾਪ ਚੜੇ ਮੈਂ ਰੋਵਾਂ,
ਨੀ ਤੇਰੀ ਮੇਰੀ ਇਕ ਜ਼ਿੰਦੜੀ।
ਜਵਾਬ ਵਿੱਚ ਉਸ ਮੁਟਿਆਰ–ਟੋਲੀ ਵੱਲੋਂ ਵੀ ਅਵਾਜ਼ ਆਉਂਦੀ ਸੀ ਭਾਵੇਂ ਅਸੀਂ ਉਨ੍ਹਾਂ ਦੀਆਂ ਬੋਲੀਆਂ ਸਮਝਣੋਂ ਅਸਮਰਥ ਹਾਂ। ਸੇਬ ਵਰਗੀਆਂ ਲਾਲ ਭਖਦੀਆਂ ਗੱਲਾਂ ਅਤੇ ਕੋਠੇ ਜੇਡੇ ਉੱਚੇ–ਲੰਮੇ ਕੱਦ ਵਾਲੀਆਂ ਮੁਟਿਆਰਾਂ ਦੀਆਂ ਰੰਗ–ਬਰੰਗੀਆਂ ਚੁੰਨੀਆਂ ਹਵਾ ਨਾਲ ਕਲੋਲ ਕਰ ਰਹੀਆਂ ਸਨ। ਉਹ ਜੋਬਨ–ਮੱਤੀਆਂ ਤਾਂ ਸਾਡੇ ਨਾਲੋਂ ਅੱਗੇ ਲੰਘ ਜਾਂਦੀਆਂ ਸਨ।ਕਾਕੂ ਨੇ ਮੈਨੂੰ ਵੀ ਕੋਈ ਬੋਲੀ ਪਾਉਣ ਲਈ ਕਿਹਾ ਕਿਉਂਕਿ ਮੈਂ ਬੋਲੀਆਂ ਪਾਉਣ ਸਮੇਂ ਚੁੱਪ ਸਾਂ । ਮੈਂ ਬੜੇ ਅੰਦਾਜ਼ ਤੇ ਸੁਰ ਨਾਲ ਗਾਉਣਾ ਸ਼ੁਰੂ ਕੀਤਾ:
ਚੁਨਰੀ ਸੰਭਾਲ ਗੋਰੀ
ਚੁਨਰੀ ਉੜੀ ਜਾਏ ਰੇ ….|
ਮੇਰੀ ਪਹਿਲੀ ਪੰਕਤੀ ਤੇ ਹੀ ਮੇਰੇ ਸਾਥੀ ਖਿੜ ਕੇ ਹੱਸ ਪਏ ।ਮੈਂ ਫਿੱਕਾ ਜਿਹਾ ਪੈ ਕੇ ਚੁੱਪ ਕਰ ਗਿਆ। ਕੁੜੀਆਂ ਦੀ ਟੋਲੀਨਾ ਜਾਣੇ, ਕਿਧਰੇ ਅਲੋਪ ਹੋ ਗਈ।
ਹੱਸਦੇ–ਖੇਡਦੇ ਅਸੀਂ ਬਾਬੇ ਭੂਰੀ ਵਾਲੇ ਦੀ ਸਮਾਧ ਤੇ ਪਹੁੰਚ ਗਏ ।ਅਸੀਂ ਸਭ ਤੋਂ ਪਹਿਲਾਂ ਇਸ਼ਨਾਨ ਕਰਨ ਦਾ ਪ੍ਰੋਗਰਾਮ ਬਣਾਇਆ।ਸਮਾਧ ਦੇ ਕੋਲ ਇੱਕ ਬਹੁਤ ਵੱਡਾ ਤਲਾਅ ਸੀ ਜਿੱਥੇ ਹਜ਼ਾਰਾਂ ਲੋਕ ਇਸ਼ਨਾਨ ਕਰ ਰਹੇ ਸਨ। ਅਸੀਂ ਵੀਵਾਰੋ–ਵਾਰੀ ਇਸ਼ਨਾਨ ਕੀਤਾ ਅਤੇ ਬਾਬੇ ਦੀ ਸਮਾਧ ਤੇ ਜਾ ਕੇ ਮੱਥਾ ਟੇਕਿਆ। ਇੰਨੇ ਨੂੰ ਸਾਡੇ ਢਿੱਡੀ ਖੇਹ ਪੈਣ ਲੱਗੀ।ਅਸੀਂ ਇੱਕ ਦੁਕਾਨ ਤੋਂ ਗਰਮਾ–ਗਰਮ ਪਕੌੜੇ ਲਏ ਅਤੇ ਪੱਲੇ ਬੱਧੇ ਪਰਾਉਂਠਿਆਂ ਨੂੰ ਮੌਜ ਨਾਲ ਖਾਧਾ ।ਸੱਚ ਜਾਣਿਉਂ ਉਹ ਮਜ਼ਾ, ਜਿਹੜਾ ਕਿ ਇਨਾਂ ਪਰਾਉਂਠਿਆ। ਅਤੇ ਪਕੌੜਿਆਂ ਦੇ ਖਾਣ ਨਾਲ ਆਇਆ ਸ਼ਾਇਦ ਮੈਨੂੰ ਜ਼ਿੰਦਗੀ ਵਿੱਚ ਕਿਸੇ ਹੋਰ ਚੰਗੀ ਤੋਂ ਚੰਗੀ ਚੀਜ਼ ਖਾਣ ਨਾਲ ਵੀ ਨਹੀਂ ਸੀ ਆਇਆ। ਖਾ–ਪੀ, ਵਿਹਲੇ ਹੋ, ਅਸੀਂ ਮੇਲੇ ਦੀ ਸੈਰ ਲਈ ਤੁਰ ਪਏ।
ਸਮਾਧ ਦੇ ਇਕ ਪਾਸੇ ਦੀਵਾਨ ਲੱਗਾ ਹੋਇਆ ਸੀ।ਰਾਗੀ ਕੀਰਤਨ ਕਰ ਰਹੇ ਸਨ:
ਤੇਰਾ ਭਾਣਾ ਮੀਠਾ ਲਾਗੇ, ਨਾਮ ਪਦਾਰਥ ਨਾਨਕ ਮਾਂਗੇ॥
ਦੀ ਤੁਕ ਦਾ ਦੁਹਰਾ ਵੈਰਾਗ ਪੈਦਾ ਕਰ ਰਿਹਾ ਸੀ। ਸੈਂਕੜੇ ਲੋਕਾਂ ਅੱਖਾਂ ਮੀਟੀ ਸ਼ਰਧਾ ਨਾਲ ਕੀਰਤਨ ਵਿੱਚ ਮਸਤ ਹੋ ਰਹੇ ਸਨ। ਦੀਵਾਨ ਦੇ ਨੇੜੇ ਹੀ ਇੱਕ ਮੋਟਾ ਭਾਰਾ ਆਦਮੀ ਦੰਦਾਂ ਦੀ ਦਵਾਈ ਦੀ ਮਸ਼ਹੂਰੀ ਕਰ ਰਿਹਾ ਸੀ। ਦੰਦਾਂ ਦੇ ਹਰ ਰੋਗ ਦਾ ਇਲਾਜ ਉਸ ਦੀ ਦਵਾਈ ਵਿੱਚ ਸੀ ਦੰਦਾਂ ਦੇ ਰੋਗੀ ਉਸ ਕੋਲ ਜਮਾਂ ਰਹੇ ਸਨ। ਜਿਉਂ ਜਿਉਂ ਦੰਦ–ਰੋਗੀ ਆਉਂਦੇ, ਇਹ ਹੋਰ ਵੀ ਜੋਸ਼ ਨਾਲ ਉੱਚੀ ਅਵਾਜ਼ ਵਿੱਚ ਆਪਣੀ ਦਵਾਈ ਦੇ ਗੁਣ ਦੱਸਦਾ।
ਅਸੀਂ ਜ਼ਰਾ ਕੁ ਅੱਗੇ ਗਏ ਤਾਂ ਇੱਕ ਸ਼ਾਨਦਾਰ ਬਜ਼ਾਰ ਵੇਖਿਆ ਦੋਹੀਂ ਪਾਸੀਂ ਦੁਕਾਨਾਂ ਸਜੀਆਂ ਦੀਆਂ ਸਨ ਅਤੇ ਵਿਚੋਂ ਲੰਘਣ ਲਈ ਛੋਟਾ ਜਿਹਾ ਰਾਹ ਸੀ ।ਦੁਕਾਨਾਂ ਵਿੱਚ ਹਰ ਪ੍ਰਕਾਰ ਦੀ ਵਸਤੂ ਪਈ ਦੀ ਮਾਲਮ ਹੁੰਦੀ ਸੀ–ਪਰਾਂਦਿਆਂ ਤੋਂ ਲੈ ਕੇ ਮਹੇਲਾਂ ਤੱਕ, ਨਹੁੰ–ਪਾਲਸ਼ ਤੋਂ ਲੈ ਕੇ ਚਕਲੇ–ਵੇਲਣੇ ਤਕ, ਦਾਤਣ, ਸੁਰਮਾ, ਕੰਘੀਆਂ, ਜੁੱਤੀਆਂ ਤੇ ਕਈ ਹੋਰ ਚੀਜ਼ਾਂ। ਹਰ ਦੁਕਾਨ ਤੇ ਸਾਡਾ ਕੁੱਝ–ਨਾ–ਕੁੱਝ ਖ਼ਰੀਦਣ ਨੂੰ ਜੀ ਕਰਦਾ ਪਰ ਸਮਝ ਨਾ ਆਉਂਦੀ ਕਿ ਕੀ ਖ਼ਰੀਦਿਆ ਜਾ ? ਜਿਸ ਦੁਕਾਨ ਤੇ ਕੁੜੀਆਂ ਦੀ ਭੀੜ ਹੁੰਦੀ, ਅਸੀਂ ਵੀ ਐਵੇਂ ਹੀ ਕਿਸੇ ਚੀਜ਼ ਦਾ ਭਾਅ ਪੁੱਛਣ ਲੱਗ ਜਾਂਦੇ।ਬਜ਼ਾਰ ਵਿੱਚ ਵਿਰਦਿਆਂਫਿਰਾਂਦਿਆਂ ਅਸੀਂ ਬਹੁਤ ਥੱਕ ਗਏ । ਅਸੀਂ ਸਲਾਹ ਬਣਾਈ ਕਿ ਕੁੱਝ ਖਾਧਾ–ਪੀਤਾ ਜਾਏ, ਨਾਲੇ ਘੜੀ ਦਮ ਆ ਜਾਏਗਾ।
ਮੈਂ ਆਈਸ ਕਰੀਮ ਖਾਣੀ ਚਾਹੁੰਦਾ ਸੀ, ਪਰ ਮੇਰੇ ਸਾਥੀਆਂ ਨੇ ਮਖੌਲ ਕਰਦਿਆਂ ਕਿਹਾ, “ਇਹ ਆਈਸ ਕਰੀਮ ਤਾਂ ਐਵੇਂ ਦੁੱਧ ਜਿਹਾ ਜਮਾਇਆ ਹੁੰਦੈ, ਦੁੱਧ ਥੋੜਾ ਪਾਈਦਾ ਏ, ਚਲੋ ਜਲੇਬੀਆਂ ਖਾਈਏ। ਉਨ੍ਹਾਂ ਨੇ ਦੋ ਕਿਲੋ ਜਲੇਬੀਆਂ, ਅੱਧਾ ਕਿਲੋ ਬਰਫ਼ੀ ਅਤੇ ਅੱਧਾ ਕਿਲੋ ਨਮਕੀਨ ਸੇਵੀਆਂ ਤੁਲਵਾ ਲਈਆਂ। ਗੱਲਾਂ–ਬਾਤਾਂ ਵਿੱਚ ਹੀ ਅਸੀਂ ਸਭ ਕੁੱਝ ਮੁਕਾ ਦਿੱਤਾ।ਉਪਰੰਤ ਅਸੀਂ ਇੱਕ–ਇੱਕ ਮਿੱਠੀ ਬੋਤਲ ਪੀਤੀ ਤੇ ਸਰਕਸ ਵਾਲੇ ਪਾਸੇ ਤੁਰ ਪਏ।
ਸਰਕਸ ਦੇ ਬਾਹਰ ਇੱਕ ਆਦਮੀ ਨੇ ਬਾਂਦਰ ਵਰਗੀ ਸ਼ਕਲ ਬਣਾਈ ਹੋਈ ਸੀ ਅਤੇ ਨੱਚ ਨੱਚ ਕੇ ਲੋਕਾਂ ਨੂੰ ਸਰਕਸ ਵੇਖਣ ਲਈ ਪ੍ਰੇਰ ਰਿਹਾ ਸੀ। ਅਸੀਂ ਵੀ ਟਿਕਟਾਂ ਖ਼ਰੀਦ ਲਈਆਂ ਤੇ ਅੰਦਰ ਚਲੇ ਗਏ । ਉਥੇ ਅਸੀਂ ਕੇਵਲ ਛੇ ਜਾਨਵਰ ਪਿੰਜਰਿਆਂ ਵਿੱਚ ਬੰਦ ਵੇਖੇ | ਅਸੀਂ ਦਿਲੋਂ ਸਰਕਸ ਵਾਲਿਆਂ ਲੁਟੇਰਿਆਂ ਨੂੰ ਗਾਲ੍ਹਾਂ ਕੱਢਦੇ ਬਾਹਰ ਆ ਗਏ।
ਸਰਕਸ ਵਾਲੇ ਤੰਬੂ ਦੇ ਨਾਲ ਹੀ ਇੱਕ ਆਦਮੀ ਮਸ਼ੀਨ ਨਾਲ ਲੋਕਾਂ ਦਿਆਂ ਹੱਥਾਂ–ਬਾਹਾਂ ਤੇ ਨਾਂ ਉਕਰ ਕੇ ਵੇਲ–ਬੂਟੇ ਪਾ ਰਿਹਾ ਸੀ।ਅਸੀਂ ਵੀ ਰੁੱਕ ਗਏ । ਬੀਰੇ ਨੇ ਪੱਟ ਤੇ ਮੋਰਨੀ ਪਵਾਈ, ਮੰਗੂ ਨੇ ਖੱਬੇ ਹੱਥ ਦੇ ਪੁੱਠੇ ਪਾਸੇ ਲਿਖਵਾਇਆ; ਸਮੁੰਦੇਨੇ ਖੱਬੀ ਬਾਂਹਉੱਤੇ ਆਪਣਾ ਪੂਰਾ ਨਾਂ ‘ਸਵਿੰਦਰ ਸਿੰਘ ਉਕਰਵਾਇਆ। ਜਦੋਂ ਮੇਰੀ ਵਾਰੀ ਆਈ ‘ਫੇਰ ਸਹੀਂ ਕਹਿ ਕੇ ਮੈਂ ਟਾਲ ਦਿੱਤਾ।
ਸਾਰਾ ਮੇਲਾ ਘੁੰਮ–ਫਿਰ ਕੇ ਮੈਂ ਸਾਥੀਆਂ ਨੂੰ ਵਾਪਸ ਮੁੜਨ ਲਈ ਆਖਿਆ, ਪਰ ਸਮੁੰਦੇ ਨੇ ਕਿਹਾ, “ਸ਼ਾਮੀਂ ਛਿੰਝ ਵੇਖ ਕੇ ਚੱਲਾਂਗੇ। ਇਹ ਬਾਬੇ ਭਰੀ ਵਾਲੇ ਦਾ ਸਲਾਨਾ ਮੇਲਾ ਹੈ, ਇਸ ਵਿੱਚ ਕੁਸ਼ਤੀਆਂ ਹੁੰਦੀਆਂ ਹਨ। ਬੜੇ ਵੱਡੇ ਵੱਡੇ ਪਹਿਲਵਾਨ ਘੋਲ ਕਰਦੇ ਹਨ, ਜੇਤੂ ਨੂੰ ਇਨਾਮ ਮਿਲਦਾ ਹੈ ? ਕਰਦਿਆਂ ਕਰਦਿਆਂ ਘੋਲ ਦਾ ਵੇਲਾ ਹੋ ਗਿਆ। ਢੋਲ ਤੇ ਡੱਗਾ ਵੱਜਾ। ਆਸ–ਪਾਸ ਦੇ ਲੋਕੀ ਇੱਕ ਦਾਇਰੇ ਵਿੱਚ ਇਕੱਠੇ ਹੋ ਗਏ ।ਇਲਾਕੇ ਦੇ ਮਸ਼ਹੂਰ ਪਹਿਲਵਾਨਾਂ ਨੇ ਕੁਸ਼ਤੀਆਂ ਕੀਤੀਆਂ ਕੁਸ਼ਤੀਆਂ ਦੇ ਨਾਲ–ਨਾਲ ਢੋਲੀ ਦਾ ਢੋਲ ਹੋਰ ਵੀ ਰੰਗ ਬੰਨਦਾ ਸੀ।ਕਾਲੀ ਪਹਿਲਵਾਨ ਸਭ ਨਾਲੋਂ ਸਿਰ ਕੱਢ ਨਿਕਲਿਆ।ਉਸ ਅੱਗੇ ਕਿਸੇ ਦੀ ਵੀ ਪੇਸ਼ ਨਾ ਜਾ ਸਕੀ।ਓੜਕ ਮਾਲੀ ਉਸ ਨੇ ਮਾਰੀ। “ਸ਼ਾਬਾਸ਼ ਕਾਲੀ ਵਾਹ ਕਾਲੀ ! ਬੋਲੇ ਉਏ ਕਾਲੀ !!’ ਦੀਆਂ ਅਵਾਜ਼ਾਂ ਨਾਲ ਸਾਰਾ ਮੇਲਾ ਗੂੰਜ ਉਠਿਆ।
ਕੁਸ਼ਤੀਆਂ ਲਈ ਢੋਲ ਵੱਜਣ ਨਾਲ ਹੀ ਤੀਵੀਆਂਉੱਥੋਂ ਤੁਰ ਪਈਆਂ ਸਨ। ਹੁਣ ਉਏ ਜਾਂ ਕੁਸਤੀਆਂ ਦੇ ਮਨ ਰਹਿ ਗਏ ਸਨ ਜਾਂ ਦੁਕਾਨਾਂ ਵਾਲੇ ਕਾਕ ਨੇ ਕਿਹਾ, “ਆਓ ਕੁੱਝ ਖ਼ਹੀਦਾ–ਖ਼ਰੀਦੀ ਕਰ ਲਈਏ, ਹੁਣ ਤਾ ਸਭ ਕੁੱਝ ਸਸਤਾ ਹੋਣੈ। ਦੁਕਾਨਦਾਰ ਵੀ ਹੁਣ ਸਮਝਣਗੇ ਕਿ ‘ਜੋ ਵੱਟਿਆ ਸੋ ਖੱਟਿਆ। ਇਕ ਨੇ ਉੱਠ ਲਈ ਗਾਨੀ, ਦਜੇ ਨੇ ਬਲਦ ਲਈ ਮਹੇਲਾਂ,ਤੀਜੇ ਨੇ ਇੱਕ ਫੁੱਲਦਾਰ ਰੁਮਾਲ, ਚੌਥੇ ਨੇ ਕੋਕਿਆਂ ਵਾਲੇ ਖੋਪੇ ਅਤੇ ਮੈਂ ਟਾਈ–ਪਿੰਨ ਖ਼ਰੀਦਿਆ।
ਆਉਣ ਲੱਗਿਆਂ ਅਸੀਂ ਅੱਧਾ ਕਿਲੋ ਮੁੰਗਫਲੀ ਲੈ ਲਈ। ਰਾਹ ਵਿੱਚ ਅਸੀਂ ਮੂੰਗਫਲੀ ਖਾਂਦੇ , ਬੋਲੀਆਂ, ਪਾਉਂਦੇ, ਨੱਚਦੇ–ਟੱਪਦੇ ਪਿੰਡ ਪੁੱਜ ਗਏ | ਹੁਣ ਵੀ ਜਦ ਕਦੀ ਇਸ ਮੇਲੇ ਦਾ ਦ੍ਰਿਸ਼ ਮੇਰੀਆਂ ਅੱਖਾਂ ਸਾਹਮਣੇ ਆਉਂਦਾ ਹੈ, ਮੈਨੂੰ ਇੱਕ ਸਰਰ ਜਿਹਾ ਆ ਜਾਂਦਾ ਹੈ। ਮੇਲੇ ਦਾ ਸ਼ੋਰ–ਸ਼ਰਾਬਾ ਮੇਰੇ ਕੰਨਾਂ ਵਿੱਚ ਇਕ ਸੁਰੀਲੀ ਅਵਾਜ਼ ਬਣ ਕੇ ਰੀਜਦਾ ਹੈ , ਰੰਗ–ਬਰੰਗੇ ਲੋਕਾਂ ਦੀ ਝਾਕੀ ਮੈਨੂੰ ਇੱਕ ਸੁਹਣਾ ਅਜਾਇਬ ਘਰ ਜਾਪਦੀ ਹੈ। ਰੱਬ ਕਰੇ ! ਮੈਨੂੰ ਅਜਿਹਾ ਮੌਕਾ ਫਿਰ ਵੀ ਕਦੀ ਨਸੀਬ ਹੋਏ!