ਪਰਦੂਸ਼ਣ
Pradushan
ਜਾਂ
ਪ੍ਰਦੂਸ਼ਣ ਦੀ ਸਮਸਿਆ
Pradushan di Samasiya
ਪਰਦੂਸ਼ਣ ਤੋਂ ਭਾਵ ਵਾਯੁਮੰਡਲ ਦਾ ਗੰਧਰਾ ਹੋਣਾ ਹੈ। ਪਰਦੂਸ਼ਿਤ ਵਾਯੁਮੰਡਲ ਨਾ ਕੇਵਲ ਵੇਲਬੂਟਿਆਂ ਸਗੋਂ ਜੀਅ-ਜੰਤ ਲਈ ਵੀ ਹਾਨੀਕਾਰਕ ਹੈ। ਇਸ ਦੇ ਵਧਣ ਨਾਲ ਮਨੁੱਖਤਾ ਉੱਤੇ ਮਾਰੂ ਬੀਮਾਰੀਆਂ ਦਾ ਹਮਲਾ ਹੋ ਸਕਦਾ ਹੈ, ਏਥੋਂ ਤੀਕ ਕਿ ਮਨੁੱਖੀ ਹੋਂਦ ਖ਼ਤਰੇ ਵਿੱਚ ਪੈ ਸਕਦੀ ਹੈ।
ਪਰਦੂਸ਼ਣ ਦਾ ਮੁੱਖ ਕਾਰਣ ਅਸੀਮਤ ਵੱਧ ਰਹੀ ਵਸੋਂ ਹੈ। ਅੱਜ ਨਿਰੇ ਭਾਰਤ ਦੀ ਅਬਾਦੀ ਹੀ 100 ਕਰੋੜ ਦੇ ਨੇੜੇ-ਤੇੜੇ ਪੁੱਜ ਚੁੱਕੀ ਹੈ। ਇਸ ਵੱਧ ਰਹੀ ਵੱਸੋਂ ਲਈ ਕੁੱਲੀ-ਗੁੱਲੀ-ਜੁੱਲੀ ਦੀ ਲੋੜ ਪੂਰਤੀ ਲਈ ਇੱਕ ਤਾਂ ਸੀਮਤ ਧਰਤੀ ਤੇ ਭਾਰ ਵਧਤਾ ਜਾ ਰਿਹਾ ਹੈ; ਦੂਜੇ ਹਰ ਤਰਾਂ ਦੀ ਉਪਜ ਨੂੰ ਵਧਾਉਣ ਲਈ ਉਦਯੋਗਿਕ ਉੱਨਤੀ ਹੋ ਰਹੀ ਹੈ। ਇਹ ਦੋਵੇਂ ਕਾਰਨ ਵਾਯੂਮੰਡਲ ਨੂੰ ਪਰਦੂਸ਼ਿਤ ਕਰ ਰਹੇ ਹਨ ( ਸਾਇੰਸ ਵਰ ਦੇ ਨਾਲ ਨਾਲ ਸਰਾਪ ਦਾ ਕੰਮ ਵੀ ਕਰ ਰਹੀ ਹੈ।
ਹਵਾ ਜੀਵਨ ਦਾ ਮੂਲ ਅਧਾਰ ਹੈ। ਪਰਦੂਸ਼ਿਤ ਹਵਾ ਖ਼ਤਰਾ ਪ੍ਰਮਾਣੂ ਖ਼ਤਰੇ ਨਾਲੋਂ ਘੱਟ ਨਹੀਂ ਹੈ। ਕੋਲੇ ਨਾਲ ਚੱਲਣ ਵਾਲੇ ਸੈ-ਚਾਲਕ ਯੰਤਰ, ਭਾਫ਼ ਤੇ ਪੈਟਰੋਲ ਨਾਲ ਚੱਲਣ ਵਾਲੇ ਇੰਜਣ ਅਤੇ ਬਿਜਲੀ ਦੀ ਭਾਫ਼ ਆਦਿ ਜਿੱਥੇ ਉਦਯੋਗੀਕਰਨ ਦੀ ਚਾਲ ਤੇਜ਼ ਕਰ ਰਹੇ ਹਨ, ਜਿੱਥੇ ਹਵਾ ਨੂੰ ਵੀ ਪ੍ਰਦੂਸ਼ਿਤ ਕਰ ਰਹੇ ਹਨ।ਉਦਯੋਗਾਂ ਦੀਆਂ ਚਿਮਨੀਆਂ ਵਿੱਚੋਂ ਨਿਕਲਣ ਵਾਲੇ ਧੂੰਏਂ, ਮੋਟਰ-ਗੱਡੀਆਂ, ਕੋਲੇ-ਤੇਲ ਨਾਲ ਚੱਲਣ ਵਾਲੀਆਂ ਭੱਠੀਆਂ, ਲੋਹ-ਕਾਰਖ਼ਾਨੇ ਤੇ ਪੈਟਰੋਲ-ਸੋਧਕ ਕਾਰਖ਼ਾਨੇ ਆਦਿ ਅਤੇ ਬਾਲਣ ਸੜਨ ਨਾਲ ਵਾਯੂਮੰਡਲ ਵਿੱਚ ਸਲਫਰ, ਨਾਈਟਰੋਜਨ ਤੇ ਕਾਰਬਨ ਦੀ ਵੱਧ ਰਹੀ ਮਾਤਰਾ ਹਵਾ ਨੂੰ ਗੰਦਾ ਕਰ ਰਹੀ ਹੈ।
ਨਿਰਸੰਦੇਹ ਸਾਇੰਸ ਨੇ ਉਦਯੋਗਿਕ ਉੱਨਤੀ ਦੁਆਰਾ ਆਰਥਕਤਾ ਨੂੰ ਬਿਹਤਰ ਕਰਨ ਵਿੱਚ ਆਪਣਾ ਵਿਸ਼ੇਸ਼ ਹਿੱਸਾ ਪਾਇਆ, ਪਰ ਇਸ ਨਾਲ ਪਰਦੂਸ਼ਣ-ਭਰੇ ਵਾਯੂਮੰਡਲ ਨੇ ਨਾ ਕੇਵਲ ਕੁਦਰਤ ਦੀਆਂ ਅਨਮੋਲ ਦਾਤਾਂ ਜਿਵੇਂ ਹਵਾ, ਪਾਣੀ, ਮਿੱਟੀ ਤੇ ਬਨਸਪਤੀ ਉੱਤੇ ਆਪਣਾ ਮਾਰੂ ਪ੍ਰਭਾਵ ਪਾਇਆ ਹੈ ਸਗੋਂ ਮਨੁੱਖ ਨੂੰ ਜ਼ਹਿਰੀਲੇ ਪਦਾਰਥਾਂ ਕਾਰਨ ਕਈ ਲਾ-ਇਲਾਜ ਬੀਮਾਰੀਆਂ ਦਾ ਰੋਗੀ ਬਣਾ ਦਿੱਤਾ ਹੈ ।ਜੀਅਜੰਤ ਤੇ ਪੌਦੇ ਦਿਨੋ-ਦਿਨ ਇਸ ਜ਼ਹਿਰੀਲੇ ਵਾਯੂਮੰਡਲ ਦੀ ਲਪੇਟ ਵਿੱਚ ਆ ਰਹੇ ਹਨ। ਉਦਯੋਗਾਂ ਤੇ ਕਾਰਾਂ-ਬੱਸਾਂ-ਗੱਡੀਆਂ ਦਾ ਧੂੰਆਂ, ਕੀੜੇਮਾਰ ਦਵਾਈਆਂ ਤੇ ਗਲੇ-ਸੜੇ ਪਦਾਰਥ ਵਾਯੂਮੰਡਲ ਨੂੰ ਪਰਦੂਸ਼ਿਤ ਕਰ ਰਹੇ ਹਨ।ਨਾਲੇ ਮਿੱਟੀ-ਘੱਟਾ, ਓਜ਼ੋਨ, ਨਾਈਟਰੋਜਨ, ਸਲਫਰ, ਹਾਈਡਰੋਜਨ, ਕਲੋਰੀਨ ਤੇ ਹਾਈਡਰੋਕਲੋਰਿਕ ਐਸਿਡ ਆਦਿ ਆਲੇ-ਦੁਆਲੇ ਨੂੰ ਗੰਦਾ ਕਰ ਰਹੇ ਹਨ ਜਿਸ ਵਿੱਚ ਨਰੋਆ ਜੀਵਨ ਜੀਉਣਾ ਅਸੰਭਵ ਹੋ ਰਿਹਾ ਹੈ।
ਹੁਣ ਅਸੀਂ ਇਨ੍ਹਾਂ ਹਾਨੀਕਾਰਕ ਗੈਸਾਂ ਦੇ ਇਲਾਜ ਤੇ ਹੋਰ ਕੀਟਾਣੂਆਂ ਤੇ ਚਾਨਣਾ ਪਾਉਂਦੇ ਹਾਂ। ਜਿਹੜੇ ਵੇਲ-ਬੂਟਿਆਂ ਤੇ ਜੀਵਾਂ ਨੂੰ ਅਰੋਗ ਨਹੀਂ ਰਹਿਣ ਦੇਂਦੇ :
- ਓਜ਼ੋਨ: ਕਾਰਾਂ-ਬੱਸਾਂ-ਗੱਡੀਆਂ ਦੇ ਧੂੰਏਂ ਵਿੱਚੋਂ ਨਾਈਟਰੋਜਨ ਡਾਈਆਕਸਾਈਡ ਨਿਕਲਦੀ ਹੈ ਜਿਹੜੀ ਆਕਸੀਜਨ ਨਾਲ ਮਿਲ ਕੇ ਓਜ਼ੋਨ ਬਣਾਉਦੀ ਹੈ।ਇਸ ਦਾ ਮਾਰੂ ਪ੍ਰਭਾਵ ਮਨੁੱਖੀ ਸਿਹਤ ਅਤੇ ਬੁਟਿਆਂ ਤੇ ਪੈਂਦਾ ਹੈ। ਪੱਤਿਆਂ ਤੇ ਪੀਲੇ ਰੰਗ ਦੇ ਧੱਬੇ ਪੈਣ ਕਰ ਕੇ ਬੂਟੇ ਆਪਣੀ ਖੁਰਾਕ ਪੂਰੀ ਤਰ੍ਹਾਂ ਨਹੀਂ ਬਣਾ ਸਕਦੇ ਤੇ ਫਲਸਰੂਪ ਵਧਣੋਂ-ਫੁਲਣੋਂ ਰਹਿ ਜਾਂਦੇ ਹਨ।
- ਸਲਫ਼ਰ ਡਾਈਆਕਸਾਈਡ : ਇਹ ਗੈਸ ਇੰਜਣਾਂ ਦੇ ਧੂੰਏਂ ਵਿੱਚੋਂ ਨਿਕਲਦੀ ਹੈ ਜਿਸ ਕਰਕੇ ਪੌਦਿਆਂ ਦੇ ਪੱਤੇ ਪਹਿਲਾਂ ਹਰੇ, ਫਿਰ ਭੁਰੇ ਹੋ ਕੇ ਪੌਦਿਆਂ ਨੂੰ ਸਾੜ ਦੇਂਦੇ ਹਨ।
3.ਨਾਈਟਰੋਜਨ ਫਲੋਰਾਈਡ : ਇਹ ਗੈਸ ਆਕਸੀਜਨ ਤੇ ਨਾਈਟਰੋਜਨ ਦੇ ਮਿਸ਼ਰਨ ਨਾਲ ਬਣਦੀ ਹੈ।ਇਸ ਨਾਲ ਵੀ ਪੱਤੇ ਭੂਰੇ ਹੋ ਕੇ ਪੌਦਿਆਂ ਨੂੰ ਵਧਣ ਨਹੀਂ ਦੇਂਦੇ।
4.ਹਾਈਡਰੋਜਨ ਫਲੋਰਾਈਡ : ਇਹ ਗੈਸ ਫੈਕਟਰੀਆਂ ਵਿੱਚੋਂ ਨਿਕਲਦੀ ਹੈ।ਇਸ ਨਾਲ ਪੌਦਿਆਂ ਦੇ ਪੱਤੇ ਕੰਢਿਆਂ ਤੋਂ ਸੁੱਕ ਕੇ ਡਿੱਗ ਜਾਂਦੇ ਹਨ।
- ਬੈਨਜ਼ਪਾਈਰੀਨ : ਇਹ ਗੈਸ ਸਿਗਰਟਾਂ ਦੇ ਧੂੰਏਂ ਤੋਂ ਨਿਕਲ ਕੇ ਕੈਂਸਰ-ਰੋਗੀ ਬਣਾ ਦੇਂਦੀ ਹੈ।
- ਫ਼ੈਸਜ਼ੀਨ : ਇਹ ਜ਼ਹਿਰੀਲਾ ਤੇ ਗਲ-ਘੋਟੂ ਪਦਾਰਥ ਕੱਪੜਾ ਰੰਗਣ ਵਾਲੀਆਂ ਤੇ ਆਰਗੈਨਿਕ ਪਦਾਰਥ ਬਣਾਉਣ ਵਾਲੀਆਂ ਫੈਕਟਰੀਆਂ ਵਿੱਚ ਵਰਤਿਆ ਜਾਂਦਾ ਹੈ।ਇਸ ਪਦਾਰਥ ਨੇ ਹਵਾ ਵਿੱਚ ਮਿਲ ਕੇ ਭੂਪਾਲ ਵਿੱਚ ਲਗਪਗ 2500 ਜਾਨਾਂ ਲਈਆਂ ਅਤੇ ਅਨੇਕਾਂ ਨੂੰ ਪ੍ਰਭਾਵਤ ਕੀਤਾ।
- ਕਲੋਰੀਨ ਤੇ ਹਾਈਡਰੋਕਲੋਰਿਕ ਐਸਿਡ : ਇਹ ਗੈਸ ਪਲਾਸਟਿਕ ਫੈਕਟਰੀਆਂ ਵਿੱਚੋਂ ਨਿਕਲ ਕੇ ਪੱਤਿਆਂ ਦੀਆਂ ਨਾੜਾਂ ਦਾ ਵਿਚਕਾਰਲਾ ਹਿੱਸਾ ਭੁਰਾ ਕਰ ਕੇ ਪੌਦੇ ਨੂੰ ਸਾੜ ਦੇਂਦੀ ਹੈ।
- ਈਥਾਈਲੇ : ਇਹ ਗੈਸ ਪਕਾਏ ਜਾ ਰਹੇ ਕੇਲਿਆਂ ਤੇ ਅੰਬਾਂ ਆਦਿ ਫਲਾਂ ਤੋਂ ਨਿਕਲਦੀ ਹੈ। ਇਹ ਵੀ ਬੂਟਿਆਂ ਦਾ ਵਾਧਾ ਰੋਕ ਦੇਂਦੀ ਹੈ।
- ਮਿੱਟੀ–ਘੱਟਾ: ਮਿੱਟੀ-ਘੱਟਾ ਸੀਮੈਂਟ-ਛੈਕਟਰੀਆਂ, ਕੋਲੇ ਦੇ ਬਲਣ ਅਤੇ ਸੜਕਾਂ ਤੋਂ ਉੱਡਦੀ ਧੂੜ ਮਾਦ ਤੋਂ ਪੈਦਾ ਹੁੰਦਾ ਹੈ।ਇਹ ਧੂੜ ਬੂਟਿਆਂ ਦੇ ਪੱਤਿਆਂ ਤੇ ਜੰਮ ਕੇ ਇਨ੍ਹਾਂ ਦਾ ਵਿਕਾਸ ਰੋਕ ਲੈਂਦੀ ਹੈ। ਇਸ ਤਰ੍ਹਾਂ ਇਨ੍ਹਾਂ ਦੀ ਉਪਜ ਘੱਟ ਤੇ ਘਟੀਆ ਹੋ ਜਾਂਦੀ ਹੈ।
- ਕੀੜੇਮਾਰ ਦਵਾਈਆਂ: ਇਹ ਦਵਾਈਆਂ ਜਿਵੇਂ ਕਿ ਡੀ ਡੀ ਟੀ., ਐਰਿਨ ਤੇ ਬੀ ਐੱਚ ਸੀ, ਆਦਿ ਮਿੱਟੀ ਵਿੱਚ ਮਿਲ ਕੇ ਬੂਟਿਆਂ ਤੇ ਮਾੜਾ ਪ੍ਰਭਾਵ ਪਾਉਂਦੀਆਂ ਹਨ। ਇਹ ਪ੍ਰਭਾਵ ਜੀਵ-ਜੰਤੂਆਂ ਤੇ ਮਨੁੱਖਾਂ ਵਿੱਚ ਵੀ ਪੁੱਜ ਜਾਂਦਾ ਹੈ।
- ਸੂਖਮ ਕੀਟਾਣੂ : ਹਵਾ ਤੇ ਮਿੱਟੀ ਵਿੱਚ ਕੁੱਝ ਸੂਖਮ ਕੀਟਾਣੂ ਪੌਦਿਆਂ ਦਾ ਕਾਫ਼ੀ ਨੁਕਸਾਨ ਕਰਦੇ ਹਨ। ਇਨ੍ਹਾਂ ਵਿੱਚ ਉੱਲੀ ਖੜੀਆਂ ਫ਼ਸਲਾਂ ਦੇ ਦਾਣਿਆਂ ਨੂੰ ਨਾਸ਼ ਕਰ ਦੇਂਦੀ ਹੈ।
ਵਾਯੂਮੰਡਲ ਨੂੰ ਸਾਫ਼-ਸੁਥਰਾ ਰੱਖਣ ਲਈ ਇੱਕ ਤਾਂ ਸਿੱਖਿਆ ਵਿਭਾਗ, ਟੀ.ਵੀ., ਰੇਡੀਓ ਤੇ ਅਖ਼ਬਾਰਾਂ-ਰਸਾਲਿਆਂ ਨੂੰ ਪਰਦੂਸ਼ਣ ਬਾਰੇ ਜਾਗਰੂਕਤਾ ਲਿਆਉਣੀ ਚਾਹੀਦੀ ਹੈ ਤਾਂ ਜੁ ਲੋਕਾਈ ਦੇ ਕੰਨ ਖੜੇ ਹੋ ਜਾਣ।ਦੂਜੇ, ਡੰਗਰਾਂ ਦੇ ਮਲ-ਮੂਤਰ, ਆਲੇ-ਦੁਆਲੇ ਦਾ ਕੂੜਾ-ਕਰਕਟ , ਫਾਲਤੂ ਉਦਯੋਗਿਕ ਪਦਾਰਥ, ਗੰਦੇ ਪਾਣੀ ਅਤੇ ਗੰਨੇ/ਚਾਵਲਾਂ ਦੇ ਛਿਲਕਿਆਂ ਆਦਿ ਨੂੰ ਵਰਤ ਕੇ ਵਾਯੂਮੰਡਲ ਨੂੰ ਨਾ ਕੇਵਲ ਪਰਦੂਸ਼ਣ ਤੋਂ ਬਚਾਇਆ ਜਾ ਸਕਦਾ ਹੈ, ਸਗੋਂ ਮਾਇਕ ਲਾਭ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ । ਤੀਜੇ, ਵੱਧ ਤੋਂ ਵੱਧ ਰੁੱਖ ਲਾਕੇ ਰੁੱਖਾਂ ਤੇ ਮਨੁੱਖਾਂ ਵਿੱਚ ਗੈਸ-ਵਟਾਂਦਰਾ ਕਰ ਕੇ ਵਾਯੂਮੰਡਲ ਨੂੰ ਸਾਫ਼ਸੁਥਰਾ ਰੱਖਿਆ ਜਾ ਸਕਦਾ ਹੈ ਕਿਉਂਕਿ ਰੁੱਖ ਦਿਨੇ ਆਕਸੀਜਨ ਪੈਦਾ ਕਰਦੇ ਹਨ ਜੋ ਇਨਸਾਨ ਲਈ ਲੋੜੀਂਦੀ ਹੈ ਅਤੇ ਮਨੁੱਖ ਆਪਣੇ ਗੁਆਂਸ ਰਾਹੀਂ ਕਾਰਬਨ ਡਾਈਆਕਸਾਈਡ ਕੱਢਦੇ ਹਨ ਜਿਸ ਨੂੰ ਰੁੱਖ ਵਰਤਦੇ ਹਨ।ਨਾਲੇ ਰੁੱਖ ਖ਼ਤਰਨਾਕ ਗੈਸਾਂ, ਧੂੜ ਦੇ ਕਣਾਂ ਅਤੇ ਧੂੰਏਂ ਆਦਿ ਦੁਆਰਾ ਪੈਦਾ ਹੋਏ ਵਾਯੂਮੰਡਲ ਦੇ ਪਰਦੂਸ਼ਣ ਨੂੰ ਜਿੱਥੇ ਰੋਕਣ ਵਿੱਚ ਸਹਾਈ ਹੁੰਦੇ ਹਨ, ਉੱਥੇ ਵਾਯੂਮੰਡਲ ਦੀ ਤੱਪਸ਼ ਨੂੰ ਵੀ ਘਟਾਉਂਦੇ ਹਨ। ਚੌਥੇ , ਪਰਦੁਸ਼ਣ ਸੰਬੰਧੀ ਪਾਸ ਕੀਤੇ ਗਏ ਕਾਨੂੰਨਾਂ ਅਤੇ ਪਰਦੂਸ਼ਣ ਕੰਟਰੋਲ-ਬੋਰਡ ਦੀਆਂ ਨੀਤੀਆਂ ਤੇ ਸਖ਼ਤੀ ਨਾਲ ਅਮਲ ਕਰਨਾ ਚਾਹੀਦਾ ਹੈ ਅਤੇ ਪਰਦੁਸ਼ਣ-ਕਰਤਿਆਂ ਨੂੰ ਡੰਨ ਲਾਉਣਾ ਚਾਹੀਦਾ ਹੈ ਤਾਂ ਜੋ ਕਾਨੂੰਨ ਫਾਈਲਾਂ ਵਿੱਚ ਹੀ ਬੰਦ ਨਾ ਰਹਿ ਜਾਣ। ਪੰਜਵੇਂ, ਵਿਕਸਤ ਦੇਸ਼ਾਂ ਦੀਆਂ ਕੰਪਨੀਆਂ ਨੂੰ ਜ਼ਹਿਰੀਲੀਆਂ ਗੈਸਾਂ ਪੈਦਾ ਹੋਣ ਦੀਆਂ ਸੰਭਾਵਨਾਵਾਂ ਵਾਲੇ ਕਾਰਖ਼ਾਨੇ ਬੰਦ ਕਰ ਦੇਣੇ ਚਾਹੀਦੇ ਹਨ। ਛੇਵੇਂ, ‘ ਸਾਨੂੰ ਵਾਯੂਮੰਡਲ ਨੂੰ ਸਾਫ਼-ਸੁਥਰਾ ਰੱਖਣ ਲਈ ਬਿਜਲੀ ਦੇ ਉਤਪਾਦਨ ਵਿੱਚ ਕੋਲੇ ਦੀ ਥਾਂ ਗੈਸ ਵਰਤਣੀ ਪਏਗੀ; ਏਅਰਕੰਡੀਸ਼ਨਰਾਂ ਅਤੇ ਰੈਫਰੀਜਰੇਟਰਾਂ ਵਿੱਚੋਂ ਸੀਐੱਫ.ਸੀ. ਦਾ ਬਦਲ ਲੱਭਣਾ ਪਏਗਾ ।ਸੱਤਵੇਂ, ਧੜਾਧੜ ਵੱਧ ਰਹੀ ਅਬਾਦੀ ਤੇ ਵੀ ਰੋਕ ਸਖ਼ਤੀ ਨਾਲ ਲਾਉਣੀ ਪਏਗੀ।