ਭੀੜ ਦਾ ਨਜ਼ਰਾਂ
Bheed Da Nazara
ਘਰੋਂ ਬਾਹਰ ਨਿਕਲੋ ਤਾਂ ਤੁਹਾਨੂੰ ਕਿਤੇ ਨਾ ਕਿਤੇ ਭੀੜ ਦੇ ਦਰਸ਼ਨ ਹੋ ਹੀ ਜਾਂਦੇ ਹਨ। ਸਾਡੇ ਰੇਲਵੇ ਸਟੇਸ਼ਨ, ਬੱਸਅੱਡੇ, ਸਿਨਮੇ, ਹਸਪਤਾਲ ਆਦਿ ਅਤੇ ਇੱਥੋਂ ਤੱਕ ਕਿ ਸਾਡੇ ਬਜ਼ਾਰ ਵੀ ਭੀੜ ਤੋਂ ਖ਼ਾਲੀ ਨਹੀਂ। ਕਈ ਵਾਰ ਤਾਂ ਬਜ਼ਾਰ ਵਿੱਚੋਂ ਲੰਘਣਾ ਵੀ ਔਖਾ ਹੋ ਜਾਂਦਾ ਹੈ। ਇਸ ਭੀੜ ਨੂੰ ਦੇਖ ਕੇ ਇੱਕ ਵਾਰ ਤਾਂ ਮਨੁੱਖ ਇਹ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਕਿ ਏਨੇ ਲੋਕ ਕਿੱਥੋਂ ਆ ਗਏ ? ਤੇਜ਼ੀ ਨਾਲ ਵੱਧ ਰਹੀ ਅਬਾਦੀ ਅਤੇ ਪਿੰਡਾਂ ਵੱਲੋਂ ਸ਼ਹਿਰਾਂ ਨੂੰ ਜਾਣ ਦੇ ਰੁਝਾਨ ਕਾਰਨ ਸ਼ਹਿਰਾਂ ਵਿੱਚ ਭੀੜ ਲਗਾਤਾਰ ਵਧ ਰਹੀ ਹੈ। ਅਨੇਕਾਂ ਲੋਕ ਆਪਣੇ ਕੰਮਾਂ-ਕਾਰਾਂ ਲਈ ਹਰ ਰੋਜ਼ ਪਿੰਡਾਂ ਤੋਂ ਸ਼ਹਿਰਾਂ ਨੂੰ ਆਉਂਦੇ ਹਨ। ਉਹ ਵੀ ਇਸੇ ਭੀੜ ਵਿੱਚ ਸ਼ਾਮਲ ਹੋ ਜਾਂਦੇ ਹਨ। ਸਾਈਕਲ, ਸਕੂਟਰ, ਕਾਰਾਂ ਅਤੇ ਹੋਰ ਵਾਹਨ ਵੀ ਇਸੇ ਭੀੜ ਵਿੱਚ ਸ਼ਾਮਲ ਹੁੰਦੇ ਹਨ। ਅਬਾਦੀ ਦੇ ਵਧਣ ਨਾਲ ਇਹਨਾਂ ਵਾਹਨਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ। ਬਜ਼ਾਰ ਲਗਾਤਾਰ ਭੀੜੇ ਹੁੰਦੇ ਨਜ਼ਰ ਆ ਰਹੇ ਹਨ। ਇਸ ਭੀੜ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਅਬਾਦੀ ਤੇ ਕੰਟਰੋਲ ਬਹੁਤ ਜ਼ਰੂਰੀ ਹੈ। ਪਿੰਡਾਂ ਤੋਂ ਸ਼ਹਿਰਾਂ ਨੂੰ ਆਉਣ ਦਾ ਰੁਝਾਨ ਵੀ ਰੁਕਣਾ ਚਾਹੀਦਾ ਹੈ। ਸਗੋਂ ਉਲਟਾ ਪਿੰਡਾਂ ਵਿੱਚ ਅਜਿਹੀਆਂ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਕਿ ਲੋਕ ਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਆਉਣ। ਭੀੜ ਤੋਂ ਛੁਟਕਾਰਾ ਪਾਉਣ ਲਈ ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਕੰਮ ਆਦਿ ਕਰਵਾਉਣ ਲਈ ਇੱਕ ਦੂਜੇ ਤੋਂ ਅੱਗੇ ਹੋਣ ਦੀ ਪ੍ਰਵਿਰਤੀ ਛੱਡ ਕੇ ਲਾਈਨ ਵਿੱਚ ਖੜੇ ਹੋਣ।