ਦੁਸਹਿਰਾ
Dusshera
ਸਾਡੇ ਦੇਸ਼ ਵਿਚ ਤਿਉਹਾਰ ਦੇਸ਼ ਦੀ ਸਭਿਅਤਾ ਅਤੇ ਸੰਸਕ੍ਰਿਤੀ ਦੇ ਮਹਾਨ ਰਖਿਅਕ ਰਹੇ ਹਨ। ਸਾਲ ਭਰ ਵਿਚ ਅਨੇਕਾਂ ਤਿਉਹਾਰ ਆਉਂਦੇ ਹਨ ਜੋ ਸਾਨੂੰ ਰਾਸ਼ਟਰ, ਜਾਤੀ ਅਤੇ ਮਨੁੱਖ ਦੇ ਪ੍ਰਤੀ ਕਰਤੱਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਭਾਰਤੀ ਜਨਤਾ ਸਦੀਆਂ ਤੋਂ ਇਹਨਾਂ ਤਿਉਹਾਰਾਂ ਨੂੰ ਮਨਾਉਂਦੀ ਆ ਰਹੀ ਹੈ। ਦੁਸਹਿਰਾ ਵੀ ਇਹਨਾਂ ਵਿਚੋਂ ਹੀ ਇਕ ਹੈ, ਜੋ ਭਾਰਤ ਵਾਸੀਆਂ ਨੂੰ ਅਧਰਮ ਤੋਂ ਧਰਮ ਵੱਲ, ਅਗਿਆਨ ਤੋਂ ਗਿਆਨ ਵੱਲ ਅਤੇ ਝੂਠ ਤੋਂ ਸੱਚ ਵਲ ਜਾਣ ਦੀ ਪ੍ਰੇਰਣਾ ਦਿੰਦਾ ਹੈ।
ਦੁਸਹਿਰਾ’ ਸ਼ਬਦ ਦਾ ਅਰਥ ਹੈ “ਦਸ ਸਿਰਾਂ ਨੂੰ ਹਰਨ ਵਾਲਾ ਇਹ ਤਿਉਹਾਰ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਵੀਂ ਨੂੰ ਮਨਾਇਆ ਜਾਂਦਾ ਹੈ। ਇਸੇ ਲਈ ਇਸ ਨੂੰ ਵਿਜੇ-ਦਸ਼ਮੀ ਵੀ ਕਹਿੰਦੇ ਹਨ। ਮੁੱਖ ਤੌਰ ਤੇ ਇਹ ਤਿਉਹਾਰ ਦਾ ਸੰਬੰਧ ਰਾਵਣ ਉਤੇ ਰਾਮ ਦੀ ਜਿੱਤ ਦਾ ਹੈ। ਰਾਵਣ ਬਹੁਤ ਵੱਡਾ ਬਹੁਤ ਵਿਦਵਾਨ ਸੀ। ਉਹ ਛੇ ਸ਼ਾਸਤਰਾਂ ਅਤੇ ਚਾਰ ਵੇਦਾਂ ਦਾ ਜਾਣੂ ਸੀ। ਪਰੰਤੂ ਸੀ ਵਿਚਾਰਹੀਨ। ਗਿਆਨ ਅਤੇ ਸ਼ਕਤੀ ਦੇ ਅਭਿਮਾਨ ਵਿਚ ਉਹ ਗਿਆਨੀਆਂ ਨੂੰ ਤੰਗ ਕਰਦਾ ਹੁੰਦਾ ਸੀ। ਵਿਦਵਾਨ ਹੁੰਦੇ ਵੀ ਉਸਨੇ ਸੀਤਾ ਨੂੰ ਚੁਰਾਇਆ। ਪਰ ਇਸਤਰੀ ਹਰਨ ਦੇ ਇਸ ਦੋਸ਼ ਨੇ ਰਾਵਣ ਦੀ ਲੰਕਾ ਜਲਾ ਦਿੱਤੀ ਅਤੇ ਆਪਣੇ ਅਨੇਕਾਂ ਸੰਬੰਧੀਆਂ ਨਾਲ ਉਹ ਮਾਰਿਆ ਗਿਆ। ਰਾਵਣ ਨੂੰ ਮਾਰ ਕੇ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਅਧਰਮ, ਅਗਿਆਨ ਅਤੇ ਝੂਠ ਉਤੇ ਧਰਮ, ਗਿਆਨ ਅਤੇ ਸੱਚ ਦੀ ਜਿੱਤ ਕਰਾਈ। ਇਸੇ ਸੰਬੰਧ ਹਰ ਸਾਲ ਇਹ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਦਸਮੀ ਤੋਂ ਪਹਿਲਾਂ ਨੌ ਨੌਰਾਤੇ ਹੁੰਦੇ ਹਨ। ਇਹਨਾਂ ਦਿਨਾਂ ਵਿਚ ਭਗਵਾਨ ਰਾਮ ਦੀ ਕਥਾ ਦੁਹਰਾਈ ਜਾਂਦੀ ਹੈ। ਉਨ੍ਹਾਂ ਦੇ ਜਨਮ ਤੋਂ ਲੈ ਕੇ ਰਾਵਣ ਬੱਧ ਤੱਕ, ਸਾਰੀਆਂ ਘਟਨਾਵਾਂ ਆਮ ਲੋਕਾਂ ਨੂੰ ਦਿਖਾ ਕੇ ਉਹਨਾਂ ਨੂੰ ਕਰਤਵਾਂ ਦੀ ਯਾਦ ਦਿਲਾਈ ਜਾਂਦੀ ਹੈ। ਦਸਮੀ ਵਾਲੇ ਦਿਨ ਸ਼ਹਿਰਾਂ ਵਿਚ ਇਕ ਖੁਲ੍ਹੇ ਸਥਾਨ ਤੇ ਰਾਵਣ, ਕੁਭੰਕਰਣ ਅਤੇ ਮੇਘਨਾਥ ਦੇ ਵੱਡੇ ਵੱਡੇ ਬੁੱਤ ਬਣਾਏ ਜਾਂਦੇ ਹਨ ਅਤੇ ਸਵੇਰ ਤੋਂ ਹੀ ਉਹਨਾਂ ਨੂੰ ਮੈਦਾਨ ਵਿਚ ਖੜੇ ਕਰ ਦਿੱਤਾ ਜਾਂਦਾ ਹੈ। ਸ਼ਾਮ ਨੂੰ ਬਹੁਤ ਸਾਰੇ ਲੋਕਾਂ ਦੇ ਵਿਚਕਾਰ ਆਤਿਸ਼ਬਾਜੀਆਂ ਚਲਾਈਆਂ ਜਾਂਦੀਆਂ ਹਨ ਅਤੇ ਇਹਨਾਂ ਬੁੱਤਾਂ ਨੂੰ ਜਲਾ ਦਿੱਤਾ ਜਾਂਦਾ ਹੈ। ਬੁੱਤਾਂ ਦੇ ਜਲ ਜਾਣ ਦੇ ਨਾਲ ਹੀ ਇਹ ਤਿਉਹਾਰ ਖਤਮ ਹੋ ਜਾਂਦਾ ਹੈ। ਲੋਕ ਭਗਵਾਨ ਰਾਮ ਦਾ ਗੁਣਗਾਣ ਕਰਦੇ ਹੋਏ ਘਰਾਂ ਨੂੰ ਵਾਪਸ ਪਰਤ ਆਉਂਦੇ ਹਨ।
ਦੁਸਹਿਰਾ ਸਾਡਾ ਰਾਸ਼ਟਰੀ ਦਿਵਸ ਵੀ ਹੈ। ਖੱਤਰੀਆਂ ਲਈ ਇਹ ਤਿਉਹਾਰ ਪੁਰਾਤਨ ਕਾਲ ਤੋਂ ਹੀ ਕਾਫ਼ੀ ਮਹੱਤਵ ਰੱਖਦਾ ਸੀ। ਬਰਸਾਤ ਦੇ ਬਾਅਦ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਮੀ ਨੂੰ ਸ਼ਸਤਰਾਂ ਨੂੰ ਕੱਢ ਕੇ ਸਾਫ਼ ਕੀਤਾ ਜਾਂਦਾ ਸੀ ਅਤੇ ਉਹਨਾਂ ਦੀ ਪੂਜਾ ਕੀਤੀ ਜਾਂਦੀ ਸੀ। ਨਕਲੀ ਯੁੱਧ ਦਾ ਅਭਿਆਸ ‘ ਹੁੰਦਾ ਸੀ ਅਤੇ ਵੀਰਾਂ ਨੂੰ ਸਨਮਾਨਤ ਕੀਤਾ ਜਾਂਦਾ ਸੀ।
ਬੰਗਾਲ ਵਿੱਚ ਇਹਨੀਂ ਦਿਨੀਂ ਕਾਲੀ ਮਾਤਾ ਦੀ ਪੂਜਾ ਹੁੰਦੀ ਹੈ। ਕੁਝ ਲੋਕ ਦੁਸਹਿਰੇ ਤੋਂ ਪਹਿਲਾਂ ਨੌਂ ਦਿਨ ਮਹਾਂਸ਼ਕਤੀ ਦਾ ਪਾਠ ਕਰਦੇ ਹਨ। ਕਹਿੰਦੇ ਹਨ ਕਿ ਸਤਿਯੁਗ ਵਿਚ ਰਾਕਸ਼ਾਂ ਦੇ ਆਤੰਕ ਨਾਲ ਦੇਵ ਲੋਕ ਵੀ ਕੰਬ ਉਠਿਆ ਸੀ। ਮਹਿਖਾਸੁਰ ਨਾਂ ਦੇ ਰਾਕਸ਼ ਨੇ ਅਨੇਕ ਰਾਕਸ਼ਾਂ ਸਹਿਤ ਦੇਵਤਾਵਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਦੇਵਤੇ ਸ਼ਿਵਜੀ ਦੇ ਕੋਲ ਗਏ ਅਤੇ ਆਪਣਾ ਸਾਰਾ ਦੁੱਖ ਸੁਣਾਇਆ। ਸ਼ਿਵ ਦੀ ਕਰੋਧ ਅਗਨੀ ਤੋਂ ਇਕ ਸ਼ਕਤੀ ਪੈਦਾ ਹੋਈ। ਦੇਵਤਿਆਂ ਨੇ ਸ਼ਕਤੀ ਨੂੰ ਆਪਣੇ ਆਪਣੇ ਸ਼ਸਤਰ ਦਿੱਤੇ। ਮਹਾਂਸ਼ਕਤੀ ਨੇ ਲਗਾਤਾਰ ਨੌਂ ਦਿਨ ਤੱਕ ਲੜ ਕੇ ਰਾਕਸ਼ਾਂ ਦਾ ਅੰਤ ਕਰ ਦਿੱਤਾ ਅਤੇ ਮਹਿਖਾਸੁਰ ਨੂੰ ਮਾਰ ਦਿੱਤਾ। ਇਸ ਤਰ੍ਹਾਂ ਦਾਨਵਾਂ ਤੇ ਦੇਵਤਿਆਂ ਨੂੰ ਜਿੱਤ ਦੁਆਈ। ਦਸਮੀ ਦੇ ਦਿਨ ਦੁਰਗਾ ਮਾਤਾ ਦੀ ਮੂਰਤੀ ਬਣਾ ਕੇ ਗਲੀਆਂਬਾਜ਼ਾਰਾਂ ਵਿਚ ਉਸਨੂੰ ਬੜੀ ਧੂਮ-ਧਾਮ ਨਾਲ ਕਢਿਆ ਜਾਂਦਾ ਹੈ ਅਤੇ ਅੰਤ ਵਿੱਚ ਉਸਨੂੰ ਗੰਗਾ ਵਿਚ ਪ੍ਰਵਾਹ ਕਰ ਦਿੱਤਾ ਜਾਂਦਾ ਹੈ। ਇਸਦੇ ਬਾਅਦ ਲੋਕ ਆਪਣੇ ਮਿੱਤਰਾਂ ਨੂੰ ਵਧਾਈਆਂ ਦਿੰਦੇ ਹਨ।
ਉਤਰੀ ਭਾਰਤ ਵਿਚ ਦਸਮੀ ਦੇ ਦਿਨ ਸਵੇਰੇ ਹੀ ਘਰਾਂ ਦੀ ਸਫਾਈ ਕੀਤੀ। ਜਾਂਦੀ ਹੈ। ਲੋਕ ਨਵੇਂ ਕਪੜੇ ਪਾਉਂਦੇ ਹਨ ਅਤੇ ਫਿਰ ਦੁਸਹਿਰੇ ਦਾ ਪੂਜਨ ਹੁੰਦਾ ਹੈ। ਭੈਣਾਂ ਭਰਾਵਾਂ ਦੇ ‘ਨੌਰਤੇ’ ਟੰਗਦੀਆਂ ਹਨ। ਇਸ ਤਰ੍ਹਾਂ ਇਹ ਤਿਉਹਾਰ ਹਸਦਿਆਂ ਖੇਡਦਿਆਂ ਬੀਤ ਜਾਂਦਾ ਹੈ।
ਦੇਸ਼ ਵਾਸੀਆਂ ਲਈ ਇਸ ਦਿਨ ਦਾ ਹੁਣ ਖਾਸ ਮਹੱਤਵ ਹੋ ਗਿਆ ਹੈ। ਦੇਸ਼ ਦੀ ਏਕਤ ਅਤੇ ਬਾਹਰੀ ਸ਼ਕਤੀਆਂ ਨਾਲ ਨਿਪਟਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਸ਼ੁੱਧ ਚਰਿਤਰ ਵਾਲੇ ਸਦਾਚਾਰੀ ਅਤੇ ਬਹਾਦੁਰ ਬਣੀਏ।