Holi
ਹੋਲੀ
ਸਾਡੇ ਦੇਸ਼ ਵਿਚ ਹੋਲੀ ਦਾ ਤਿਉਹਾਰ ਆਪਣੀ ਖਾਸ ਮਹੱਤਤਾ ਰੱਖਦਾ ਹੈ। ਮੁਸਲਮਾਨ ਜੋ ਆਨੰਦ ਈਦ ਵਿਚ ਅਤੇ ਈਸਾਈ ਕ੍ਰਿਸਮਿਸ ਵਿਚ ਲੈਂਦੇ ਹਨ,ਹਿੰਦੁਆਂ ਨੂੰ ਉਹੀ ਅਨੰਦ ਹੋਲੀ ਦਾ ਤਿਉਹਾਰ ਪ੍ਰਦਾਨ ਕਰਦਾ ਹੈ। ਹੋਲੀ ਦੇ ਆਉਣ ਤੇ ਸਭ ਲੋਕ ਖੁਸ਼ੀਆਂ ਨਾਲ ਨੱਚ ਉਠਦੇ ਹਨ। ਮਨੁੱਖਾਂ ਦੇ ਵਿੱਚ ਪਈਆਂ ਤਰੇੜਾਂ ਮਿਟ ਜਾਂਦੀਆਂ ਹਨ ਅਤੇ ਸਾਰੇ ਇਕ ਦੂਜੇ ਦੇ ਗਲੇ ਮਿਲ ਕੇ ਪਰਮਪਿਤਾ ਪਰਮਾਤਮਾ ਦੇ ਪੁੱਤਰ ਹੋਣ ਨੂੰ ਸੱਚ ਸਾਬਤ ਕਰ ਦਿੰਦੇ ਹਨ।
ਹੋਲੀ ਦਾ ਤਿਉਹਾਰ ਹਰ ਸਾਲ ਫੱਗਨ ਦੀ ਸ਼ੁਕਲ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਸਾਡੇ ਦੇਸ਼ ਦੇ ਪ੍ਰਮੁੱਖ ਤਿਉਹਾਰ ਦਾ ਸੰਬੰਧ ਅਨੇਕਾਂ ਪੁਰਾਣੀਆਂ ਕਹਾਣੀਆਂ ਨਾਲ ਜੁੜੀਆ ਹੋਇਆ ਹੈ। ਹੋਲੀ ਦਾ ਸੰਬੰਧ ਪ੍ਰਹਿਲਾਦ ਦੀ ਕਥਾ ਦੇ ਨਾਲ ਜੁੜਿਆ ਹੋਇਆ ਹੈ । ਪ੍ਰਹਿਲਾਦ ਦਾ ਪਿਤਾ ਹਰਨਾਖਸ਼ ਇਕ ਰਾਜਾ ਸੀ ਜੋ ਕਿਸੇ ਨੂੰ ਈਸ਼ਵਰ ਦਾ ਭਜਨ ਨਹੀਂ ਕਰਨ ਦਿੰਦਾ ਸੀ। ਪ੍ਰਹਿਲਾਦ ਭਗਵਾਨ ਦਾ ਪਰਮ ਭਗਤ ਸੀ। ਹਰਨਾਖਸ਼ ਨੇ ਪ੍ਰਹਿਲਾਦ ਨੂੰ ਮਾਰਨ ਦੇ ਅਨੇਕਾਂ ਢੰਗ ਅਪਣਾਏ ਪਰ ਭਗਵਾਨ ਦੇ ਭਗਤ ਨੂੰ ਕੌਣ ਮਾਰ ਸਕਦਾ ਹੈ ? ਪਰੰਤੂ ਉਸ ਦੀ ਭੁਆ ਨੇ ਉਸਨੂੰ ਅੱਗ ਵਿੱਚ ਜਲਾਉਣ ਦੀ ਯੋਜਨਾ ਬਣਾਈ। ਹੋਲਿਕਾ ਨੂੰ ਅੱਗ ਵਿਚ ਨਾ ਜਲਣ ਦਾ ਵਰਦਾਨ ਮਿਲਿਆ ਹੋਇਆ ਸੀ। ਪ੍ਰਹਿਲਾਦ ਆਪਣੀ ਭੂਆ ਦੇ ਨਾਲ ਅੱਗ ਵਿਚ ਬੈਠ ਗਿਆ। ਪ੍ਰਹਿਲਾਦ ਤਾਂ ਜੀਉਂਦਾ ਬਚ ਨਿਕਲਿਆ ਪਰ ਹੋਲਿਕਾ ਸੜ । ਕੁੱਝ ਲੋਕ ਇਸ ਤਿਉਹਾਰ ਦਾ ਅਰੰਭ ਪੂਤਨ ਬੱਧ ਤੋਂ ਮੰਨਦੇ ਹਨ। ਭਗਵਾਨ ਕ੍ਰਿਸ਼ਨ ਨੇ ਪੂਤਨਾ ਨੂੰ ਮਾਰਕੇ ਗਵਾਲਿਆਂ ਅਤੇ ਗਵਾਲਣਾਂ ਨਾਲ ਕ੍ਰਿਸ਼ਨ ਲੀਲਾ ਕੀਤੀ ਅਤੇ ਰੰਗਾਂ ਦੇ ਨਾਲ ਖੂਬ ਖੇਡੇ।
ਇਸ ਤਿਉਹਾਰ ਦਾ ਆਗਮਨ ਉਸ ਸਮੇਂ ਹੁੰਦਾ ਹੈ ਜਦੋਂ ਸਰਦੀ ਦਾ ਅੰਤ ਅੱਤ ਗਰਮੀ ਦਾ ਆਰਭ ਹੋਣ ਵਾਲਾ ਹੁੰਦਾ ਹੈ। ਲੋਕ ਇਸ ਨੂੰ ਤਿਉਹਾਰ ਦੇ ਰੂਪ ਵਿਚ ਮਨਾਉਂਦੇ ਹਨ। ਕ੍ਰਿਤੀ ਵੀ ਬੜੀ ਖੁਸ਼ੀ ਵਿਚ ਮਸਤ ਹੋ ਜਾਂਦੀ ਹੈ। ਉਹ ਮਿੱਟੀ ਉਡਾ ਕੇ, ਪੁਰਾਣੇ ਪੱਤੇ ਗਿਰਾ ਕੇ ਅਤੇ ਨਵੇਂ ਫੁੱਲ ਅਤੇ ਪੱਤੇ ਲਹਿਰਾ ਕੇ ਆਪਣੀ ਖੁਸ਼ੀ ਦਰਸਾਉਂਦੀ ਹੈ। ਇਸ ਸਮੇਂ ਬਸੰਤ ਆਉਣ ਵਾਲੀ ਹੁੰਦੀ ਹੈ।
ਦੇਸ਼ ਦਾ ਅੰਨਦਾਤਾ ਕਿਸਾਨ ਆਪਣੇ ਹਰੇ ਭਰੇ ਖੇਤਾਂ ਨੂੰ ਵੇਖ ਕੇ ਖੁਸ਼ੀ ਨਾਲ ਨੱਚ ਉਠਦਾ ਹੈ। ਹਾੜੀ ਦੀ ਇਸ ਫਸਲ ਦਾ ਸਵਾਗਤ ਹੋਲੀ ਦੇ ਰੂਪ ਵਿਚ ਹੁੰਦਾ ਹੈ। ਲੋਕ ਨਵੇਂ ਅਨਾਜ ਨੂੰ ਹੋਲੀ ਵਿਚ ਜਲਾ ਕੇ ਖਾਂਦੇ ਹਨ। ਪੰਜਾਬ ਵਿਚ ਹੁਣ ਵੀ ਛੋਲੀਏ ਨੂੰ ਅੱਗ ਵਿਚ ਜਲਾ ਕੇ ਖਾਧਾ ਜਾਂਦਾ ਹੈ, ਜਿਸ ਨੂੰ ਪੰਜਾਬੀ ਵਿਚ ਹੋਲਾ’ ਆਖਦੇ ਹਨ।
ਇਸ ਖੁਸ਼ੀ ਭਰੇ ਵਾਤਾਵਰਣ ਵਿਚ ਲੋਕ ਇਸ ਦਿਨ ਇਕ-ਦੂਜੇ ਉੱਤੇ ਰੰਗ ਪਾ ਕੇ ਇਹ ਤਿਉਹਾਰ ਮਨਾਉਂਦੇ ਹਨ। ਹੋਲਿਕਾ ਨੂੰ ਜਲਾਇਆ ਜਾਂਦਾ ਹੈ। ਹਰੇਕ ਗਲੀ ਅਤੇ ਬਾਜ਼ਾਰ ਵਿਚ ਲਕੜਾਂ ਦੇ ਢੇਰ ਜਲਾਏ ਜਾਂਦੇ ਹਨ ਅਤੇ ਅੱਗ ਦੀਆਂ ਲਪਟਾਂ ਨੂੰ ਵੇਖਕੇ ਲੋਕ ਭਗਤ ਪ੍ਰਹਿਲਾਦ ਨੂੰ ਯਾਦ ਕਰਕੇ ਈਸ਼ਵਰ ਦਾ ਗੁਣਗਾਣ ਕਰਦੇ ਹਨ।
ਹੋਲਿਕਾ ਨੂੰ ਸਾੜਨ ਦੇ ਬਾਅਦ ਲੋਕ ਹਸਦਿਆਂ-ਖੇਡਦਿਆਂ ਇਕ ਦੂਜੇ ਤੋਂ ਗੁਲਾਲ ਪਾਉਂਦੇ ਅਤੇ ਪੁਰਾਣੇ ਵੈਰ-ਵਿਰੋਧ ਭੁਲਾ ਕੇ ਇਕ ਦੂਜੇ ਦੇ ਗਲੇ ਮਿਲਦੇ ਹਨ। ਵੱਡੇ ਵੱਡੇ ਸ਼ਹਿਰਾਂ ਵਿਚ ਹੁਣ ਇਸ ਦਿਨ ਸੰਗੀਤ ਸਮਾਰੋਹ ਵੀ ਹੋਣ ਲੱਗੇ ਹਨ। ਲੋਕ ਅਬੀਰ ਅਤੇ ਗੁਲਾਲ ਦੇ ਨਾਲ-ਨਾਲ ਸੰਗੀਤ ਦਾ ਅਨੰਦ ਲੈਂਦੇ ਹਨ। ਅਨੇਕਾਂ ਸਥਾਨਾਂ ਤੇ ਹਾਸਰਸ ਦੇ ਕਵੀ ਸੰਮੇਲਨਾਂ ਦਾ ਵੀ ਪ੍ਰਗ੍ਰਾਮ ਹੁੰਦਾ ਹੈ। ਦਿੱਲੀ ਵਿਚ ਹੋਲੀ ਦੇ ਮੌਕੇ ਤੇ ਮੂਰਖ-ਸੰਮੇਲਨ ਕੀਤਾ ਜਾਂਦਾ ਹੈ। ਵਿਦਾਵਨ ਵਿਚ ਕ੍ਰਿਸ਼ਨ ਅਤੇ ਰਾਧਾ ਦੇ ਸਵਾਂਗ ਬਣਾ ਕੇ ਫਾਗ (ਹੋਲੀ) ਖੇਡਿਆ ਜਾਂਦਾ ਹੈ ਜੋ ਦੇਖਣ ਯੋਗ ਹੁੰਦਾ ਹੈ।
ਸੁਤੰਤਰ ਭਾਰਤ ਵਿਚ ਇਹਨਾਂ ਤਿਉਹਾਰਾਂ ਦੀ ਮਹੱਤਤਾ ਹੋਰ ਵੀ ਵਧ ਗਈ। ਹੈ। ਇਹ ਤਿਉਹਾਰ ਸਾਡੀ ਏਕਤਾ, ਸੰਸਕ੍ਰਿਤੀ ਅਤੇ ਸਭਿਅਤਾ ਦੇ ਮਹਾਨ ਰਾਖੇ ਬਣ ਗਏ ਹਨ ਅਜਕਲ ਹੋਲੀ ਦੇ ਮਨਾਉਣ ਵਿਚ ਕੁਝ ਬੁਰਾਈ ਆ ਗਈ ਹੈ। ਕੁਝ ਲੋਕ ਗੰਦਗੀ ਜਾਂ ਤਾਰਕੋਲ ਪਾ ਕੇ, ਗਾਲਾਂ ਕੱਢ ਕੇ ਜਾਂ ਸ਼ਰਾਬ ਪੀ ਕੇ ਹੋਲੀ ਦੇ ਮਹੱਤਵ ਨੂੰ ਘੱਟ ਕਰਦੇ ਹਨ। ਕੁਝ ਮਹਿੰਗਾਈ ਕਰਕੇ ਵੀ ਲੋਕ ਕੱਪੜੇ ਖਰਾਬ ਕਰਨਾ ਪਸੰਦ ਨਹੀਂ ਕਰਦੇ, ਇਸ ਕਰਕੇ ਹੋਲੀ ਦਾ ਮਹੱਤਵ ਕੁਝ ਘਟ ਗਿਆ ਹੈ।
ਸਾਡਾ ਕਰੱਤਵ ਹੈ ਕਿ ਅਸੀਂ ਆਪਣੇ ਤਿਉਹਾਰਾਂ ਨੂੰ ਬੜੀ ਖੁਸ਼ੀ ਨਾਲ ਮਨਾਈਏ ਅਤੇ ਇਹਨਾਂ ਦੀ ਮਹੱਤਤਾ ਨੂੰ ਵੀ ਬਣਾਈ ਰੱਖਏ।