ਹਸਪਤਾਲ
Hospital
ਹਸਪਤਾਲ ਦੇ ਨਾਂ ਤੋਂ ਹੀ ਹਰ ਕੋਈ ਡਰਦਾ ਹੈ। ਕਿਸੇ ਦਾ ਵੀ ਹਸਪਤਾਲ ਜਾਣ ਨੂੰ ਦਿਲ ਨਹੀਂ ਕਰਦਾ। ਪਰ ਜਦ ਹਸਪਤਾਲ ਜਾਣਾ ਜ਼ਰੂਰੀ ਹੋ ਜਾਵੇ ਤਾਂ ਇਸ ਤੋਂ ਪ੍ਰੇਜ਼ ਨਹੀਂ ਕਰਨਾ ਚਾਹੀਦਾ ਸਗੋਂ ਹਮੇਸ਼ਾਂ ਹੌਸਲੇ ਨਾਲ ਹਸਪਤਾਲ ਜਾਣਾ ਚਾਹੀਦਾ ਹੈ। ਹਸਪਤਾਲ ਅਸੀਂ ਆਪਣੀ ਬਿਮਾਰੀ ਦੇ ਇਲਾਜ ਲਈ ਅਥਵਾ ਅਰੋਗ ਹੋਣ ਲਈ ਜਾਣਾ ਹੁੰਦਾ ਹੈ।
ਲੋੜ ਸਮੇਂ ਜੇਕਰ ਹਸਪਤਾਲ ਨਾ ਜਾਇਆ ਜਾਵੇ ਅਥਵਾ ਜੇਕਰ ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲੇ ਤਾਂ ਮਨੁੱਖ ਦੀ ਜਾਨ ਲਈ ਖਤਰਾ ਬਣ ਸਕਦਾ ਹੈ। ਇਸੇ ਲਈ ਗੰਭੀਰ ਰੋਗੀਆਂ ਜਾਂ ਕਿਸੇ ਦੁਰਘਟਨਾ ਵਿੱਚ ਸੱਟ ਲੱਗ ਜਾਣ ਵਾਲ ਵਿਅਕਤੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਜਾਂਦਾ ਹੈ। ਹਸਪਤਾਲ ਤੇ ਡਾਕਟਰ, ਨਰਸਾਂ ਤੇ ਹੋਰ ਅਮਲਾ ਰੋਗੀਆਂ ਦੀ ਦੇਖ-ਭਾਲ ਲਈ ਹੀ ਹੁੰਦਾ ਹੈ। ਸਰਕਾਰ ਨੇ ਲੋਕਾਂ ਨੂੰ ਸਿਹਤ-ਸਹੁਲਤਾਂ ਦੇਣ ਲਈ ਅਨੇਕਾਂ ਹਸਪਤਾਲ ਖੋਲ੍ਹੇ ਹੋਏ ਹਨ। ਇਸੇ ਤਰਾਂ ਅਨੇਕਾਂ ਪ੍ਰਾਈਵੇਟ ਹਸਪਤਾਲ ਵੀ ਹਨ ਜਿੱਥੇ ਅਨੇਕਾਂ ਬਿਮਾਰੀਆਂ ਦਾ ਇਲਾਜ ਹੁੰਦਾ ਹੈ। ਪਰ ਸਾਡੇ ਸਰਕਾਰੀ ਹਸਪਤਾਲਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਨੇ ਇਹਨਾਂ ਦਾ ਮਹੱਤਵ ਘਟਾ ਦਿੱਤਾ ਹੈ। ਜਿਹੜੇ ਡਾਕਟਰ ਇਹਨਾਂ ਸਰਕਾਰੀ ਸਪਤਾਲਾਂ ਵਿੱਚ ਮਰੀਜ਼ ਦੀ ਗੱਲ ਤੱਕ ਵੀ ਚੰਗੀ ਤਰਾਂ ਸੁਣਨ ਲਈ ਤਿਆਰ ਨਹੀਂ ਹੁੰਦੇ ਉਹ ਸ਼ਾਮ ਨੂੰ ਆਪਣੀਆਂ ਪਾਈਵੇਟ ਦੁਕਾਨਾਂ ਤੇ ਤਕੜੀਆਂ ਫੀਸਾਂ ਲੈ ਕੇ ਮਰੀਜ਼ਾਂ ਦੀ ਗੱਲ ਬੜੇ ਧਿਆਨ ਨਾਲ ਸੁਣਦੇ ਹਨ। ਦੂਸਰੇ ਪਾਸੇ ਪ੍ਰਾਈਵੇਟ ਹਸਪਤਾਲਾਂ ਵਿੱਚ ਭਾਵੇਂ ਮਰੀਜ਼ਾਂ ਦੀ ਜ਼ਿਆਦਾ ਚੰਗੀ ਤਰ੍ਹਾਂ ਦੇਖ-ਭਾਲ ਹੁੰਦੀ ਹੈ ਪਰ ਇੱਥੋਂ ਦੇ ਖ਼ਰਚੇ ਸਧਾਰਨ ਲੋਕ ਬਰਦਾਸ਼ਤ ਨਹੀਂ ਕਰ ਸਕਦੇ । ਲੋੜ ਇਸ ਗੱਲ ਦੀ ਹੈ ਕਿ ਹਰ ਸਰਕਾਰੀ ਹਸਪਤਾਲ ਵਿੱਚ ਵਧੀਆ ਸਹੂਲਤਾਂ ਮੁਹੱਈਆ ਕਰਾਈਆਂ ਜਾਣ। ਆਮ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਹਸਪਤਾਲ ਨੂੰ ਸਾਫ਼-ਸੁਥਰਾ ਰੱਖਣ ਵਿੱਚ ਸਹਿਯੋਗ ਦੇਣ।