Lohri
ਲੋਹੜੀ
ਸੁੰਦਰ ਮੁੰਦਰੀਏ , ਤੇਰਾ ਕੌਣ ਵਿਚਾਰਾ ? ਹੋ !
ਦੁੱਲਾ ਭੱਟੀ ਵਾਲਾ, ਹੋ !
ਦੁੱਲੇ ਧੀ ਵਿਆਹੀ, ਹੋ !
ਸੇਰ ਸ਼ੱਕਰ ਪਾਈ, ਹੋ !
ਜੀਵੇ ਕੁੜੀ ਦਾ ਚਾਚਾ, ਹੋ !
ਲੰਬੜਦਾਰ ਸਦਾਏ , ਹੋ !
ਗਿਣ ਗਿਣ ਪੋਲੇ ਲਾਏ , ਹੋ !
ਇੱਕ ਪੋਲਾ ਰਹਿ ਗਿਆ, ਸਿਪਾਈ ਫੜ ਕੇ ਲੈ ਗਿਆ।
1. ਭੂਮਿਕਾ- ਪੰਜਾਬ ਦਾ ਜੀਵਨ ਮੇਲਿਆਂ ਅਤੇ ਤਿਉਹਾਰਾਂ ਨਾਲ ਭਰਪੂਰ ਹੈ। ਸਾਲ ਵਿੱਚ ਸ਼ਾਇਦ ਹੀ ਕੋਈ ਅਜਿਹਾ ਮਹੀਨਾ ਹੋਵੇਗਾ ਜਦੋਂ ਕੋਈ ਨਾ ਕੋਈ ਤਿਉਹਾਰ ਨਾ ਮਨਾਇਆ ਜਾਂਦਾ ਹੋਵੇ। ਇੰਦਰ ਧਨੁਸ਼ ਦੇ ਸੱਤ ਰੰਗਾਂ ਵਾਂਗ ਪੰਜਾਬੀ ਸੱਭਿਆਚਾਰ ਵੀ ਅਨੇਕ ਰੰਗੀ ਹੈ। ਇੱਕ ਬੰਨੇ ਧਨ-ਦੌਲਤ ਨਾਲ ਭਰਪੂਰ ਧਰਤੀ ਤੇ ਦੂਜੇ ਬੰਨੇ ਗੁਰੂਆਂ ਦੇ ਤਿਆਗ, ਆਦਰਸ਼ ਅਤੇ ਸਿਖਿਆਵਾਂ ਦੀਆਂ ਕਹਾਣੀਆਂ। ਇੱਕ ਬੰਨੇ ਨਦੀਆਂ ਦੀਆਂ ਪਵਿੱਤਰ ਧਾਰਾਵਾਂ ਤੇ ਦੂਜੇ ਬੰਨੇ ਲਹਿਰਾਉਂਦੇ ਫਸਲਾਂ ਦੇ ਲਹਿਰਾਉਂਦੇ ਖੇਤ। ਇੱਕ ਬੰਨੇ ਤਿਉਹਾਰਾਂ ਅਤੇ ਮੇਲਿਆਂ ਦੀ ਧੂਮ-ਧਾਮਤਾ, ਦੂਜੇ ਬੰਨੇ ਨਾਚ ਅਤੇ ਗੀਤਾਂ ਦੇ ਮਿੱਠੇ ਬੋਲ। ਲੋਹੜੀ ਪੰਜਾਬ ਦਾ ਇੱਕ ਵਿਸ਼ੇਸ਼ ਤਿਉਹਾਰ ਹੈ। ਭਾਵੇਂ ਇਹ ਸਾਰੇ ਦੋਸ਼ ਵਿੱਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ, ਪਰ ਪੰਜਾਬ ਵਿੱਚ ਇਸਦੀ ਆਪਣੀ ਹੀ ਸੁਰ ਅਤੇ ਆਪਣੇ ਹੀ ਰੰਗ ਹਨ।
2. ਪਿਛੋਕੜ- ਲੋਹੜੀ ਸ਼ਬਦ ਦਾ ਮੂਲ ‘ਤਿਲ + ਰੋੜੀ ਹੈ। ਜੋ ਸਮਾਂ ਪਾ ਕੇ ‘ਤਿਲੋੜੀ ਤੇ ਫੇਰ ਲੋਹੜੀ ਬਣਿਆ ਹੈ। ਕਈ ਥਾਵਾਂ ਤੇ ਲੋਹੜੀ ਨੂੰ ਲੋਹੀ ਜਾਂ ਲਈ ਵੀ ਆਖਿਆ ਜਾਂਦਾ ਹੈ।
ਲੋਹੜੀ ਦੇ ਤਿਉਹਾਰ ਦੀ ਪਰੰਪਰਾ ਬਹੁਤ ਪੁਰਾਣੀ ਹੈ। ਵੈਦਿਕ ਕਾਲ ਵਿੱਚ ਹੀ ਰਿਸ਼ੀ ਲੋਕ ਦੇਵਤਿਆਂ ਨੂੰ ਖੁਸ਼ ਕਰਨ ਲਈ ਹਵਨ ਕਰਦੇ ਸਨ। ਇਸ ਧਾਰਮਿਕ ਕੰਮ ਵਿੱਚ ਪਰਿਵਾਰ ਦੇ ਬੰਦੇ ਹਵਨ ਵਿੱਚ ਘਿਓ , ਸ਼ਹਿਦ, ਤਿਲ ਅਤੇ ਗੁੜ ਆਦਿ ਪਾਉਂਦੇ ਹਨ। ਇਸ ਤਿਉਹਾਰ ਨਾਲ ਬਹੁਤ ਸਾਰੀਆਂ ਕਥਾਵਾਂ ਵੀ ਜੋੜੀਆਂ ਜਾਂਦੀਆਂ ਹਨ। ਇਸ ਕਥਾ ਅਨੁਸਾਰ ਲੋਹੜੀ ਦੇਵੀ ਨੇ ਇੱਕ ਅੱਤਿਆਚਾਰੀ ਰਾਕਸ਼ ਨੂੰ ਮਾਰਿਆ ਅਤੇ ਉਸੇ ਦੇਵੀ ਦੀ ਯਾਦ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦਾ ਸੰਬੰਧ ਪੌਰਾਣਿਕ ਕਥਾ ‘ਸਤੀ-ਦਹਿਨ ਨਾਲ ਵੀ ਜੋੜਿਆ ਜਾਂਦਾ ਹੈ।
ਇਸ ਤੋਂ ਬਿਨਾਂ ਇਸ ਤਿਉਹਾਰ ਨਾਲ ਇੱਕ ਹੋਰ ਲੋਕ-ਗਾਥਾ ਵੀ ਸੰਬੰਧਿਤ ਹੈ। ਇੱਕ ਗਰੀਬ ਬ੍ਰਾਹਮਣ ਸੀ। ਉਸ ਦੀਆਂ ਸੁੰਦਰੀ ਅਤੇ ਮੁੰਦਰੀ ਨਾਂ ਦੀਆਂ ਦੋ ਕੁੜੀਆਂ ਸਨ। ਉਹਨਾਂ ਦੀ ਕੁੜਮਾਈ ਲਾਗਲੇ ਪਿੰਡ ਵਿੱਚ ਪੱਕੀ ਹੋ ਗਈ। ਦੋਵੇਂ ਕੁੜੀਆਂ ਬਹੁਤ ਸੁੰਦਰ ਸਨ। ਉਸ ਇਲਾਕੇ ਦੇ ਹਾਕਮ ਨੂੰ ਜਦੋਂ ਉਹਨਾਂ ਕੁੜੀਆਂ ਦੀ ਸੁੰਦਰਤਾ ਦਾ ਪਤਾ ਲੱਗਾ ਤਾਂ ਉਸ ਨੇ ਉਹਨਾਂ ਨੂੰ ਪ੍ਰਾਪਤ ਕਰਨਾ ਚਾਹਿਆ। ਉਹ ਗਰੀਬ ਬਾਹਮਣ ਕੁੜੀ ਵਾਲਿਆਂ ਦੇ ਕੋਲ ਗਿਆ। ਉਸ ਨੇ ਮੁੰਡੇ ਵਾਲਿਆਂ ਨੂੰ ਬੇਨਤੀ ਕੀਤੀ ਕਿ ਉਹ ਵਿਆਹ ਤੋਂ ਪਹਿਲਾਂ ਹੀ ਉਸਦੀਆਂ ਕੁੜੀਆਂ ਨੂੰ ਆਪਣੇ ਘਰ ਲੈ ਆਉਣ, ਨਹੀਂ ਤਾਂ ਦੁਸ਼ਟ ਹਾਕਮ ਇਹਨਾਂ ਨੂੰ ਨਹੀਂ ਛੱਡੇਗਾ। ਮੁੰਡੇ ਵਾਲੇ ਵੀ ਹਾਕਮ ਤੋਂ ਡਰਦੇ ਸਨ। ਉਹਨਾਂ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤਾ।
ਨਿਰਾਸ਼ਾ ਵਿੱਚ ਡੁੱਬਿਆ ਬਾਹਮਣ ਜੰਗਲ ਵਿੱਚੋਂ ਲੰਘਦਾ ਹੋਇਆ ਘਰ ਵੱਲ ਪਰਤ ਰਿਹਾ ਸੀ। ਰਸਤੇ ਵਿੱਚ ਉਸਨੂੰ ਦੁੱਲਾ ਭੱਟੀ ਨਾਂ ਦਾ ਡਾਕੂ ਮਿਲਿਆ। ਦੱਲਾ ਡਾਕ ਹੁੰਦਾ ਹੋਇਆ ਵੀ ਦੀਨ-ਦੁਖੀਆਂ ਦਾ ਸਹਾਇਕ ਸੀ। ਜਦੋਂ ਬਾਹਮਣ ਨੇ ਆਪਣੀ ਦੁੱਖ-ਭਰੀ ਕਹਾਣੀ ਸੁਣਾਈ ਤਾਂ ਦੁੱਲੇ ਦਾ ਮਨ ਪੰਘਰ ਗਿਆ। ਉਸ ਨੇ ਬਾਹਮਣ ਨੂੰ ਹੌਸਲਾ ਦਿੱਤਾ ਅਤੇ ਸਹਾਇਤਾ ਦਾ ਵਚਨ ਦਿੰਦੇ ਹੋਏ ਕਿਹਾ, “ਬਾਹਮਣ ਦੇਵਤਾ, ਤੁਸੀਂ ਨਿਸ਼ਚਿੰਤ ਰਹੋ । ਪਿੰਡ ਦੀ ਬੇਟੀ ਮੇਰੀ ਬੇਟੀ ਹੈ, ਉਹਨਾਂ ਦਾ ਵਿਆਹ ਮੈਂ ਕਰਾਂਗਾ। ਇਸ ਦੇ ਵਾਸਤੇ ਭਾਵੇਂ ਮੈਨੂੰ ਆਪਣੀ ਜਾਨ ਦੀ ਬਾਜ਼ੀ ਕਿਉਂ ਨਾ ਲਾਉਣੀ ਪਵੇ।
ਦੁੱਲਾ ਆਪ ਲੜਕੇ ਵਾਲਿਆਂ ਦੇ ਘਰ ਗਿਆ। ਉਹਨਾਂ ਨੂੰ ਤਸੱਲੀ ਦੇ ਕੇ । ਵਿਆਹ ਦੀ ਤਾਰੀਖ ਪੱਕੀ ਕਰ ਦਿੱਤੀ। ਇਲਾਕੇ ਦੇ ਹਾਕਮ ਦੇ ਡਰ ਤੋਂ ਜੰਗਲ । ਵਿੱਚ ਹੀ ਰਾਤ ਦੇ ਘੁੱਪ ਹਨੇਰੇ ਵਿੱਚ ਅੱਗ ਬਾਲੀ ਗਈ। ਪਿੰਡ ਦੇ ਸਾਰੇ ਲੋਕ ਇੱਕਠੇ ਹੋ ਗਏ। ਦੁੱਲਾ ਭੱਟੀ ਨੇ ਆਪ ਧਰਮ ਪਿਤਾ ਬਣ ਕੇ ਸੁੰਦਰੀ ਅਤੇ ਮੁੰਦਰੀ ਦਾ ਕੰਨਿਆਂ ਦਾਨ ਕੀਤਾ। ਗਰੀਬ ਬਾਹਮਣ ਦਹੇਜ ਵਿੱਚ ਕੁਝ ਨਾ ਦੇ ਸਕਿਆ। ਪਿੰਡ ਦੇ ਲੋਕਾਂ ਨੇ ਉਸਦੀ ਭਰਪੂਰ ਮੱਦਦ ਕੀਤੀ। ਦੁੱਲਾ ਭੱਟੀ ਕੋਲ ਉਹਨਾਂ ਕੁੜੀਆਂ ਨੂੰ ਦੇਣ ਲਈ ਕੁਝ ਵੀ ਨਹੀਂ ਸੀ, ਕੇਵਲ ਸ਼ੱਕਰ ਸੀ। ਉਸ ਨੇ ਉਹੀ ਕੁੜੀਆਂ ਨੂੰ ਸ਼ਗਨ ਦੇ ਰੂਪ ਵਿੱਚ ਦਿੱਤੀ।
ਇਸ ਘਟਨਾ ਪਿੱਛੋਂ ਹਰ ਸਾਲ ਲੋਹੜੀ ਦਾ ਤਿਉਹਾਰ ਅੱਗ ਬਾਲ ਕੇ ਇਸੇ ਰੂਪ ਵਿੱਚ ਮਨਾਇਆ ਜਾਣ ਲੱਗਾ। ਇਹ ਤਿਉਹਾਰ ਹਿੰਦੂ, ਮੁਸਲਿਮ ਦਾ ਭੇਦ-ਭਾਵ ਮਿਟਾ ਕੇ ਦਇਆ ਦਾ ਸੰਚਾਰ ਕਰਨ ਲੱਗਾ।
3. ਖੇਤੀ ਤੇ ਸਰਦ ਰੁੱਤ ਨਾਲ ਸੰਬੰਧ- ਇਸ ਤਿਉਹਾਰ ਦਾ ਸੰਬੰਧ ਫ਼ਸਲ ਨਾਲ ਵੀ ਹੈ ਤੇ ਸਿਖਰ ਤੇ ਪੁੱਜ ਚੁੱਕੀ ਸਰਦੀ ਦੀ ਰੁੱਤ ਨਾਲ ਵੀ ਹੈ। ਇਸ ਸਮੇਂ ਕਿਸਾਨ ਦੇ ਖੇਤ ਕਣਕ, ਛੋਲਿਆਂ ਤੋਂ ਸਰੋਂ ਨਾਲ ਲਹਿਲਹਾ ਰਹੇ ਹੁੰਦੇ ਹਨ। ਇਸ ਤਿਉਹਾਰ ਦਾ ਸੰਬੰਧ ਰੁੱਤ ਨਾਲ ਵੀ ਹੈ। ਮਾਘ ਦੇ ਮਹੀਨੇ ਵਿਚ ਸਰਦੀ ਦੀ ਰੁੱਤ ਆਪਣੇ ਜ਼ੋਬਨ ਤੇ ਹੁੰਦੀ ਹੈ ਕਹਿੰਦੇ ਹਨ ਕਿ ਇਸ ਸਮੇਂ ਧੂਣੀਆਂ ਬਾਲ ਕੇ ਪਾਲੇ ਨੂੰ ਸਾੜਿਆ ਜਾਂਦਾ ਹੈ। ਸੱਚਮੁੱਚ ਹੀ ਇਸ ਤੋਂ ਪਿੱਛੋਂ ਪਾਲਾ ਘਟਣਾ ਸ਼ੁਰੂ ਹੋ ਜਾਂਦਾ ਹੈ।
4. ਮਨਾਉਣ ਦਾ ਢੰਗ- ਲੋਹੜੀ ਦਾ ਦਿਨ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਗਲੀਆਂ ਵਿੱਚ ਮੁੰਡਿਆਂ-ਕੁੜੀਆਂ ਦੀਆਂ ਢਾਣੀਆਂ ਗੀਤ ਗਾਉਂਦੀਆਂ। ਹੋਈਆਂ ਲੋਹੜੀ ਮੰਗਦੀਆਂ ਫਿਰਦੀਆਂ ਹਨ। ਕੋਈ ਉਨ੍ਹਾਂ ਨੂੰ ਦਾਣੇ ਦਿੰਦਾ ਹੈ, ਕੋਈ ਗੁੜ, ਕੋਈ ਪਾਥੀਆਂ ਅਤੇ ਕੋਈ ਪੈਸੇ। ਲੋਹੜੀ ਮੰਗਣ ਵਾਲੀਆਂ ਟੋਲੀਆਂ ਦੇ ਗਲੀਆਂ ਵਿੱਚ ਗੀਤ ਗੂੰਜਦੇ ਹਨ-
“ਗੋਰਾ ਜੰਮਿਆਂ ਸੀ, ਗੁੜ ਵੰਡਿਆ ਸੀ।
ਮਾਈ ਦੇਹ ਲੋਹੜੀ, ਤੇਰੀ ਜੀਵੇ ਜੋੜੀ।
“ਸਾਡੇ ਪੈਰਾਂ ਹੇਠਾਂ ਰੋੜ,
ਸਾਨੂੰ ਛੇਤੀ ਛੇਤੀ ਤੋਰ ।
ਇਸ ਦਿਨ ਭਰਾ ਭੈਣਾਂ ਲਈ ਲੋਹੜੀ ਲੈ ਕੇ ਜਾਂਦੇ ਹਨ। ਉਹ ਪਿੰਨੀਆਂ ਤੇ ਖਾਣ-ਪੀਣ ਦੇ ਹੋਰ ਸਾਮਾਨ ਸਹਿਤ ਕੋਈ ਹੋਈ ਸੁਗਾਤ ਵੀ ਭੈਣ ਦੇ ਘਰ ਪਹੁੰਚਾਉਂਦੇ ਹਨ।
ਜਿਸ ਘਰ ਵਿੱਚ ਬੀਤੇ ਸਾਲ ਵਿੱਚ ਮੁੰਡੇ ਨੇ ਜਨਮ ਲਿਆ ਹੁੰਦਾ ਹੈ ਉਸ ਘਰ ਵਿੱਚ ਵਿਸ਼ੇਸ਼ ਰੌਣਕਾਂ ਹੁੰਦੀਆਂ ਹਨ। ਇਸ ਘਰ ਦੀਆਂ ਇਸਤਰੀਆਂ ਸਾਰੇ ਮੁਹੱਲੇ ਵਿੱਚ ਮੁੰਡੇ ਦੀ ਲੋਹੜੀ ਵੰਡਦੀਆਂ ਹਨ, ਜਿਸ ਵਿੱਚ ਗੁੜ, ਮੂੰਗਫਲੀ ਤੇ ਰਿਉੜੀਆਂ ਆਦਿ ਸ਼ਾਮਿਲ ਹੁੰਦੀਆਂ ਹਨ। ਸਾਰਾ ਦਿਨ ਉਸ ਘਰ ਵਿੱਚ ਲੋਹੜੀ ਮੰਗਣ ਵਾਲੇ ਮੁੰਡਿਆਂ-ਕੁੜੀਆਂ ਦੇ ਗੀਤਾਂ ਦੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਰਾਤ ਵੇਲੇ ਵੱਡੇ ਵੀ ਇਨ੍ਹਾਂ ਰੌਣਕਾਂ ਵਿੱਚ ਸ਼ਾਮਿਲ ਹੋ ਜਾਂਦੇ ਹਨ। ਖੁਲ੍ਹੇ ਵਿਹੜੇ ਵਿੱਚ ਲੱਕੜਾਂ ਤੇ ਪਾਥੀਆਂ ਇਕੱਠੀਆਂ ਕਰਕੇ ਵੱਡੀ ਧੂਣੀ ਲਾਈ ਜਾਂਦੀ ਹੈ। ਕਈ ਇਸਤਰੀਆਂ ਘਰ ਵਿੱਚ ਮੁੰਡਾ ਹੋਣ ਦੀ ਖੁਸ਼ੀ ਵਿੱਚ ਚਰਖਾ ਜਾਂ ਮੰਜਾ ਹੀ ਬਾਲ ਦਿੰਦੀਆਂ ਹਨ। ਇਸਤਰੀਆਂ ਤੇ ਮਰਦ ਰਾਤ ਦੇਰ ਤੱਕ ਧੂਣੀ ਸੇਕਦੇ ਹੋਏ ਰਿਉੜੀਆਂ, ਮੂੰਗਫਲੀ, ਭੁੱਗਾ ਆਦਿ ਖਾਂਦੇ ਹਨ ਤੇ ਧੂਣੀ ਵਿੱਚ ਤਿਲਚੌਲੀ ਆਦਿ ਸੁੱਟਦੇ ਹਨ। ਅੱਧੀ ਰਾਤ ਤੋਂ ਪਿੱਛੋਂ ਧੂਣੀ ਦੀ ਅੱਗ ਦੇ ਠੰਢੀ ਪੈਣ ਤੱਕ ਇਹ ਮਹਿਫਲ ਲੱਗੀ ਰਹਿੰਦੀ ਹੈ।
5. ਸਾਰ-ਅੰਸ਼- ਇਸ ਤਿਉਹਾਰ ਦੇ ਦਿਨ ਅਸੀਂ ਹਵਨ ਕਰਕੇ ਦੇਵਤਿਆਂ ਨੂੰ ਖੁਸ਼ ਕਰਦੇ ਹਾਂ ਅਤੇ ਪੰਜਾਬ ਦੇ ਵੀਰ ਸਪੁੱਤਰ ਦੁੱਲਾ ਭੱਟੀ ਨੂੰ ਯਾਦ ਕਰਦੇ ਹਾਂ। ਇਹ ਤਿਉਹਾਰ ਏਕਤਾ ਦਾ ਪ੍ਰਤੀਕ ਹੈ। ਬਲਦੀ ਹੋਈ ਅੱਗ ਦੀਆਂ ਲਾਟਾਂ ਉੱਪਰ ਉੱਠਣ ਦਾ ਸੁਨੇਹਾ ਦਿੰਦੀਆਂ ਹਨ। ਦੇਸ਼ ਲਈ ਵੱਡੀ ਤੋਂ ਵੱਡੀ ਕੁਰਬਾਨੀ ਦੇਣ ਲਈ ਸਾਨੂੰ ਪ੍ਰਨਾ ਦਿੰਦੀਆਂ ਹਨ।