ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤੁ
Mithat Nivi Nanaka Hun Changiayiya tatu
ਭੂਮਿਕਾ–ਇਹ ਮਹਾਂਵਾਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਮੁੱਖੋਂ’ਉਚਰਿਤ ਹੈ। ਇਸ ਦਾ ਭਾਵ ਅਰਥ ਇਹ ਹੈ ਕਿ ਮਿੱਠਾ ਬੋਲਣਾ ਤੇ ਨਿਵਚਲਣਾ ਅਰਥਾਤ ਨਿਮਰਤਾ ਹੀ ਸਭ ਚੰਗਿਆਈਆਂ ਵਿਚੋਂ ਸਰਵੋਤਮ ਹੈ ।ਇਹ ਤੁਕ ਆਪਣੀ ਸਾਦਗੀ, ਸਪੱਸ਼ਟਤਾ, ਸਵੱਛਤਾ ਤੇ ਅਟੱਲ ਸਚਾਈ ਕਾਰਨ ਲੋਕ-ਮੂੰਹਾਂ ਤੇ ਆਮ ਚੜ੍ਹ ਗਈ ਹੈ।
ਮਿੱਠਾ ਬੋਲਣ ਵਾਲਾ ਕੰਮ ਲੈ ਲੈਂਦਾ ਹੈ– ਨਿਮਰਤਾ ਪ੍ਰਾਪਤੀ ਵਾਲਾ ਮਨੁੱਖ ਜੀਵਨ ਵਿਚ ਹਰ ਪੱਖ ਤੋਂ ਸਫ਼ਲਤਾ ਪ੍ਰਾਪਤ ਕਰ ਲੈਂਦਾ ਹੈ। ਸਮਾਜ ਵਿਚ ਰਹਿੰਦਿਆਂ ਉਸ ਨੂੰ ਵੱਖ-ਵੱਖ ਰੂਚੀਆਂ, ਸੁਭਾਵਾਂ ਤੇ ਦਿਸ਼ਟੀਕੋਣਾਂ ਵਾਲੇ ਮਨੁੱਖਾਂ ਨਾਲ ਵਾਹ ਪੈਂਦਾ ਹੈ।ਜੇ ਉਹ ਹਰ ਗੱਲ ਆਪਣੇ ਢੰਗ ਨਾਲ ਹੀ ਮੰਨਵਾਉਣਾ ਚਾਹੇ, ਹਰ ਗੱਲ ਤੇ ਹੱਠ ਕਰ ਬੈਠੇ ਆਪ ਤੋਂ ਵੱਡਿਆਂ ਦਾ ਕਹਿਣਾ ਨਾ ਮੰਨੇ ਤਾਂ ਉਸ ਨੂੰ ਨੁਕਸਾਨ ਉਠਾਉਣਾ ਪੈਂਦਾ ਹੈ, ਖ਼ਤਾ ਖਾਣੀ ਪੈਂਦੀ ਹੈ ।ਕੋਈ ਵੀ ਉਸ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦਾ।ਮਿੱਠਾ ਬੋਲਣ ਨਾਲ ਕੋਈ ਮੁੱਲ ਨਹੀਂ ਲੱਗਦਾ, ਸਗੋਂ ਦੂਜਿਆਂ ਤੇ ਸਦੀਵੀ ਪ੍ਰਭਾਵ ਪਾਇਆ ਜਾਂਦਾ ਹੈ। ਉਹ ਆਦਮੀ ਜਿਹੜਾ ਆਪਣੇ ਸਾਥੀਆਂ, ਦੋਸਤਾਂ-ਮਿੱਤਰਾਂ, ਵੱਡਿਆਂ-ਨਿੱਕਿਆਂ ਤੇ ਨੌਕਰਾਂ ਨਾਲ ਮਿੱਠਾ ਬੋਲਦਾ ਹੈ, ਹਸੂੰ ਹਸੂੰ ਕਰਦਾ ਉਨ੍ਹਾਂ ਨਾਲ ਪੇਸ਼ ਆਉਂਦਾ ਹੈ, ਆਪਣਾ ਕੰਮ ਕੱਢ ਲੈਂਦਾ ਹੈ |ਕੋਇਲ ਤੇ ਕਾਂ ਦਾ ਦ੍ਰਿਸ਼ਟਾਂਤ ਦੇ ਕੇ ਗੱਲ ਸਪੱਸ਼ਟ ਕੀਤੀ ਜਾ ਸਕਦੀ ਹੈ।ਮਿੱਠਾ ਬੋਲਣ ਵਾਲੇ ਮਨੁੱਖ ਜ਼ਿੰਦਗੀ ਵਿਚ ਕਦੇ ਵੀ ਧੋਖਾ ਨਹੀਂ ਖਾਂਦੇ।..
ਨਿਮਰਤਾ ਪ੍ਰਾਪਤੀ ਲਈ ਹਉਮੈ ਦਾ ਤਿਆਗ ਜ਼ਰੂਰੀ – ਹਉਮੈ, ਨਿਮਰਤਾ ਤੇ ਮਿੱਠਤ ਦੇ ਰਾਹ ਵਿਚ ਜ਼ਬਰਦਸਤ ਰੁਕਾਵਟ ਹੈ।ਇਨ੍ਹਾਂ ਦਾ ਇੱਟ-ਘੜੇ ਦਾ ਵੈਰ ਆਖਿਆ ਜਾ ਸਕਦਾ ਹੈ ।ਜਿਥੇ ਨਿਮਰਤਾ ਹੈ, ਉਥੇ ਹਉਮੈ ਦਾ ਨਾਂ-ਨਿਸ਼ਾਨ ਵੀ ਨਹੀਂ ਹੁੰਦਾ।ਨਿਮਰਤਾ ਦਾ ਦਰਜਾ ਸਰਵੋਤਮ ਹੈ।ਨਿਮਰਤਾ-ਪ੍ਰਾਪਤੀ ਲਈ ਸਖ਼ਤ ਘਾਲਣਾ ਘਾਲਣੀ ਪੈਂਦੀ ਹੈ, ਹਉਮੈਂ ਦਾ ਨਾਸ਼ ਕਰਨਾ ਹੁੰਦਾ ਹੈ। ਕਾਮ, ਕਰੋਧ, ਲੋਭ, ਮੋਹ, ਹੰਕਾਰ ਪੰਜਾਂ ਦੁਸ਼ਮਨਾਂ ਤੇ ਕਾਬੂ ਪਾਉਣਾ ਪੈਂਦਾ ਹੈ।ਇਹ ਪੰਜ ਬੁਰਿਆਈਆਂ ਨਿਮਰਤਾ ਦੇ ਰਾਹ ਵਿਚ ਬਾਧਕ ਸਿੱਧ ਹੁੰਦੀਆਂ ਹਨ। ਹੰਕਾਰੀ ਆਦਮੀ ਵਿਚ ਨਿਮਰਤਾ ਤੇ ਮਿੱਠਤ ਰੰਚਕ ਮਾਤਰ ਵੀ ਨਹੀਂ ਹੁੰਦੀ। ਉਹ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਚਾ ਸਮਝਦਾ ਹੈ, ਹਰ ਕੰਮ ਆਕੜ ਨਾਲ ਲੈਣਾ ਚਾਹੁੰਦਾ ਹੈ, ਝੱਟ-ਪੱਟ ਕੱਪੜਿਆਂ ਤੋਂ ਬਾਹਰ ਹੋ ਜਾਂਦਾ ਹੈ। ਹਉਮੈ-ਭਰਪੂਰ ਮਨੁੱਖ ਪਾਖੰਡੀ, ਲਾਲਚੀ ਤੇ ਖੋਟ ਨਾਲ ਭਰਿਆ ਹੁੰਦਾ ਹੈ।ਇਸ ਲਈ ਨਿਮਰਤਾ ਪ੍ਰਾਪਤੀ ਲਈ ਹਉਮੈ ਦਾ ਤਿਆਗ ਅਤਿ ਲੋੜੀਂਦਾ ਹੈ।
ਵੱਡਾਪਣ ਅਮੀਰੀ, ਬਾਹੁਬਲ ਜਾਂ ਗਿਆਨ ਵਿਚ ਨਹੀਂ, ਨਿਮਰਤਾ ਤੇ ਨਿਉਂ ਕੇ ਚੱਲਣ ਵਿਚ ਹੈ–ਭਾਵੇਂ ਕੋਈ ਆਦਮੀ ਕਿੰਨਾ ਵੀ ਗਿਆਨਵਾਨ, ਬਾਹੂ-ਬਲ ਵਾਲਾ ਜਾਂ ਅਮੀਰ ਵੀ ਕਿਉਂ ਨਾ ਹੋਵੇ ਜੋ ਉਸ ਕੋਲ ਮਿੱਠੇ ਬੋਲ ਨਹੀਂ, ਨਿਮਰਤਾ ਨਹੀਂ, ਸਹਿਨਸ਼ੀਲਤਾ ਤੇ ਸਾਦਗੀ ਨਹੀਂ, ਉਹ ਸਾਥੀਆਂ ਨਾਲ ਮਿਲ ਕੇ ਨਹੀਂ ਚਲ ਸਕਦਾ- ਉਸ ਦੀ ਅਮੀਰੀ ਤੇ ਗਿਆਨ ਆਦਿ ਨਿਰਾਰਥਕ ਹੈ। ਇਹੋ ਜਿਹੇ ਆਦਮੀ ਨੂੰ ਸਿੰਬਲ ਰੁੱਖ ਨਾਲ ਉਪਮਾ ਦਿੱਤੀ ਜਾ ਸਕਦੀ ਹੈ।ਸਿੰਬਲ ਰੁੱਖ ਬੜਾ ਉੱਚਾ ਤੇ ਵੇਖਣ ਨੂੰ ਸੁੰਦਰ ਲੱਗਦਾ ਹੈ। ਇਹਦੇ ਖਿੜੇ ਫੁੱਲ ਤੇ ਪੱਕੇ ਫਲ ਵੇਖ ਕੇ ਪੰਛੀ ਖ਼ੁਰਾਕ ਲਈ ਖਿੱਚੇ ਆਉਂਦੇ ਹਨ, ਪਰ ਜਦੋਂ ਉਹ ਫੁੱਲਾਂ ਰਫਲਾਂ ਨੂੰ ਮੂੰਹ ਵਿਚ ਪਾਉਂਦੇ ਹਨ ਤਾਂ ਉਨ੍ਹਾਂ ਦਾ ਸੁਆਦ ਕਿਰਕਿਰਾ ਹੋ ਜਾਂਦਾ ਹੈ, ਕਿਉਂਕਿ ਇਸ ਰੁੱਖ ਦੇ ਫਲ ਵਿੱਕੇ ਤੇ ਫੁੱਲ ਬਕਬਕੇ ਭਾਵ ਸੁਆਦਹੀਣ ਹੁੰਦੇ ਹਨ।
ਵਡਿਆਈ ਨਿਮਰਤਾ ਹਿਣ ਕਰਨ ਤੇ ਨਿਵ ਚਲਣ ਵਿਚ ਹੈ।ਨਿਮਰ ਪੁਰਖ ਹਮੇਸ਼ਾ ਆਪਣੇ ਆਪ ਨੂੰ ਨਿਮਾਣਾ, ਨਿਤਾਣਾ, ਬੇਆਸਰਾ ਤੇ ਗੁਣ-ਰਹਿਤ ਖ਼ਿਆਲ ਕਰਦੇ ਹਨ। ਸਹੀ ਅਰਥਾਂ ਵਿਚ ਇਹ ਹੀ ਗੁਣਵਾਨ ਤੇ ਗੁਰਮੁਖ ਪੁਰਖ ਹੁੰਦੇ ਹਨ ਤੇ ਉੱਤਮ ਦਰਜੇ ਦੇ ਮਾਲਕ ਹੁੰਦੇ ਹਨ।
ਗੁਣਵਾਨ ਤੇ ਗੁਰਮੁਖ ਪੁਰਖ ਪਰਉਪਕਾਰੀ ਹੁੰਦੇ ਹਨ।ਉਹ ਤਨੋਂ, ਮਨੋਂ ਤੇ ਧਨੋਂ ਸਭ ਤਰ੍ਹਾਂ ਨਾਲ ਦੂਜਿਆਂ ਦੀ ਸੇਵਾ ਕਰਦੇ ਹਨ। ਸੇਵਾ ਕਰ ਕੇ ਉਨ੍ਹਾਂ ਨੂੰ ਇਲਾਹੀ ਸੁਆਦ ਆਉਂਦਾ ਹੈ। ਫਲਦਾਰ ਬੇਰੀ ਵੱਟੇ ਖਾ ਕੇ ਵੀ ਮਿੱਠੇ ਬੇਰ ਦਿੰਦੀ ਹੈ, ਗੰਨਾ ਵੇਲਣੇ ਵਿਚ ਨਪੀੜ ਕੇ ਵੀ ਰਸ ਤੇ ਗੁੜ ਦਿੰਦਾ ਹੈ।
ਨੁਕਸਾਨ ਪਹੁੰਚਾਉਣ ਵਾਲੀ ਨਿਮਰਤਾ ਕਿਸੇ ਕੰਮ ਨਹੀਂ–ਉਹ ਨਿਮਰਤਾ ਜਾਂ ਨਿਉਣਾ ਜੋ ਦੂਜਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਕਿਸੇ ਕੰਮ ਨਹੀਂ। ਕਈ ਅਪਰਾਧੀ, ਜ਼ੁਲਮ ਤੇ ਚੋਰ-ਉਚੱਕੇ ਆਦਿ ਧਾਰਮਿਕ ਅਸਥਾਨਾਂ ਤੇ ਮੱਥੇ ਰਗੜਦੇ ਹਨ, ਭਾਰੀ ਚੜ੍ਹਾਵਾ ਚਾੜਦੇ ਹਨ। ਇਸ ਚੜ੍ਹਾਵੇ ਨਾਲ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਦੀ।ਇਸ ਨਿਮਰਤਾ ਵਿਚ ਵਾਸਤਵਿਕਤਾ ਨਹੀਂ, ਸਗੋਂ ਇਹ ਤਾਂ ਵਿਖਾਵਾ ਹੈ। ਇਹ ਨਿਮਰਤਾ ਲੋਭ ਤੇ ਲਾਲਚ ਤੇ ਅਧਾਰਤ ਹੈ। ਸ਼ਿਕਾਰੀ ਨੂੰ ਸ਼ਿਕਾਰ ਤੇ ਤੀਰ ਚਲਾਉਣ ਲੱਗਿਆਂ ਨਿਵਣਾ ਪੈਂਦਾ ਹੈ। ਤੀਰ-ਕਮਾਨ ਨਾਲ ਉਹ ਹਿਰਨ ਦੀ ਹੱਤਿਆ ਕਰਦਾ ਹੈ। ਇਹੋ ਜਿਹੇ ਹੱਤਿਆਰਿਆਂ ਦਾ ਜਿਊਣਾ ਨਿਹਫਲ ਹੈ, ਉਹ ਅਪਰਾਧੀ ਹੈ।ਇਹ ਨਿਵਣਾ ਕਿਸੇ ਦਾ ਕੁਝ ਸੰਵਾਰਦਾ ਨਹੀਂ, ਵਿਗਾੜਦਾ ਹੈ, ਲਾਭਦਾਇਕ ਨਹੀਂ ਨੁਕਸਾਨਦਾਇਕ ਹੈ। ਇਹੋ ਜਿਹੇ ਵਿਖਾਵੇ ਨਾਲ ਨਿਮਰ ਅਤੇ ਨਿਉਣ ਵਾਲਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਇਹ ਅਤਿ ਖ਼ਤਰਨਾਕ ਆਦਮੀ ਹੁੰਦੇ ਹਨ।
ਜੀਵਨ ਦਾ ਉਦੇਸ਼ ਮਿੱਠ–ਬੋਲਣਾ ਅਤੇ ਨਿਵ ਚਲਣਾ–ਜੀਵਨ ਦਾ ਉਦੇਸ਼ ਮਿੱਠਾ ਬੋਲਣਾ ਤੇ ਨਿਵ ਚਲਣਾ ਹੈ। ਹੰਕਾਰ, ਸਵੈਮਾਣ, ਈਰਖਾ, ਚੁਗਲੀ, ਨਿੰਦਿਆ ਦਾ ਤਿਆਗ ਜੇ ਸੱਚ ਸੰਤੋਖ, ਪਵਿੱਤਰਤਾ ਤੇ ਉਪਕਾਰ ਵਰਗੇ ਗੁਣ ਧਾਰਨ ਕਰਨੇ ਹਨ।ਇਹੋ ਜਿਹੇ ਮਿੱਠੇ ਬੋਲ ਬੋਲੇ ਜਾਣ ਜਿਹੜੇ ਦੁਜਿਆਂ ਤੇ ਸਦੀਵੀ ਪ੍ਰਭਾਵ ਪਾਉਣ, ਦੂਸਰੇ ਉਸ ਵੱਲ ਇਸ ਤਰ੍ਹਾਂ ਖਿੱਚੇ ਆਉਣ ਜਿਵੇਂ ਫੁੱਲਾਂ ਤੇ ਭੌਰੇ ਆਉਂਦੇ ਹਨ। ਇਤਿਹਾਸ ਗਵਾਹ ਹੈ ਕਿ ਸੰਸਾਰ ਦੀਆਂ ਮਹਾਨ ਹਸਤੀਆਂ ਨੇ ਇਨ੍ਹਾਂ ਗੁਣਾਂ ਨੂੰ ਅਪਣਾ ਕੇ ਹੀ ਆਪਣਾ ਨਾਂ ਰੌਸ਼ਨ ਕੀਤਾ।
ਸਿੱਟਾ–ਨਿਰਸੰਦੇਹ ਨਿਮਰਤਾ ਤੇ ਮਿੱਠਤ ਸਭ ਚੰਗਿਆਈਆਂ ਦਾ ਤੱਤ ਹੈ।ਇਸ ਨੂੰ ਜੀਵਨ ਤੱਤ ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਇਹ ਗੁਣ ਧਾਰਨ ਕਰਨ ਵਾਲਾ ਮਨੁੱਖ ਨਾ ਕੇਵਲ ਆਪਣੇ ਵਿਅਕਤੀਗਤ ਜੀਵਨ ਨੂੰ ਹੀ ਸਫ਼ਲ ਬਣਾ ਸਕਦਾ ਹੈ, ਸਗੋਂ ਲੋਕ-ਸੇਵਾ ਕਰ ਕੇ ਵੀ ਇੱਜ਼ਤ ਮਾਣ ਤੇ ਸਤਿਕਾਰ ਪ੍ਰਾਪਤ ਕਰ ਸਕਦਾ ਹੈ।