Rakhadi
ਰੱਖੜੀ
ਰੱਖੜੀ ਭੈਣ ਭਰਾ ਦੇ ਪ੍ਰੇਮ ਦਾ ਪ੍ਰਤੀਕ ਇਕ ਅਜਿਹਾ ਤਿਉਹਾਰ ਹੈ ਜੋ ਸਦੀਆਂ ਤੋਂ ਆਪਣੀ ਮਹਾਨਤਾ ਲੈ ਕੇ ਚਲਿਆ ਆ ਰਿਹਾ ਹੈ। ਸਮੇਂ-ਸਮੇਂ ਤੇ ਹਾਲਾਤ ਦੇ ਅਨੁਸਾਰ ਇਸਦੇ ਰੂਪ ਵਿਚ ਤਬਦੀਲੀਆਂ ਚਾਹੇ ਆ ਗਈਆਂ ਹੋਣ ਲੇਕਿਨ ਇਸਦੇ ਉਦੇਸ਼ ਵਿਚ ਕੋਈ ਫਰਕ ਨਹੀਂ ਆਇਆ। ਰੱਖਿਆ-ਸੂਤਰ ਬੰਣ ਵਾਲਾ ਪ੍ਰਾਚੀਨ ਕਾਲ ਤੋਂ ਆਪਣੀ ਰਖਿਆ ਚਾਹੁੰਦਾ ਹੋਇਆ ਅਤੇ ਬੰਨ੍ਹਵਾਉਣ ਵਾਲਾ ਆਪਣੇ ਕਰਤੱਵ ਦਾ ਪਾਲਨਾ ਕਰਦਾ ਹੋਇਆ ਇਸ ਦੇ ਮਹੱਤਵ ਨੂੰ ਵਧਾਉਂਦਾ ਚਲਿਆ ਆ ਰਿਹਾ ਹੈ।
ਰੱਖੜੀ ਇਕ ਅਜਿਹਾ ਪਵਿਤ੍ਰ ਬੰਧਨ ਹੈ ਜੋ ਭੈਣ ਭਰਾ ਨੂੰ ਇਕ ਦੂਜੇ ਨਾਲ ਬੰਨ੍ਹ ਦਿੰਦਾ ਹੈ। ਰੱਖੜੀ ਬੰਨ੍ਹਵਾ ਕੇ ਭਰਾ ਭੈਣ ਦੀ ਰਖਿਆ ਦਾ ਕਰੱਤਵ ਨਿਭਾਉਂਦਾ ਹੈ।
ਰੱਖੜੀ ਸਾਵਨ ਮਹੀਨੇ ਦੀ ਪੂਰਨਮਾਸ਼ੀ ਨੂੰ ਹੁੰਦੀ ਹੈ। ਇਸ ਲਈ ਇਸ ਨੂੰ ਵਣੀ ਵੀ ਕਹਿੰਦੇ ਹਨ। ਇਸ ਦਾ ਆਰੰਭ ਕਦੋਂ ਹੋਇਆ, ਇਸ ਬਾਬਤ ਕੁਝ ਵੀ ਕਹਿਣਾ ਕਠਿਨ ਹੈ। ਪੁਰਾਣਾਂ ਦੀ ਕਥਾ ਅਨੁਸਾਰ ਦੇਵਤਿਆਂ ਅਤੇ ਰਾਕਸ਼ਾਂ ਦੀ ਲੜਾਈ ਵਿਚ ਇੰਦਰ ਦੀ ਪਤਨੀ ਸੂਚੀ ਨੇ ਇੰਦਰ ਨੂੰ ਰੱਖਿਆ ਸੂਤਰ ਬੰਨਿਆ ਸੀ। ਇਸ ਯੁੱਧ ਵਿਚ ਇੰਦਰ ਦੀ ਜਿੱਤ ਹੋਈ। ਉਦੋਂ ਤੋਂ ਰੱਖੜੀ ਬੰਨ੍ਹਣ ਦਾ ਰਿਵਾਜ ਚਲ ਪਿਆ। ਪਹਿਲਾਂ ਪਹਿਲ ਪਤਨੀ ਆਪਣੇ ਪਤੀ ਨੂੰ ਰੱਖਿਆ ਦੇ ਬੰਧਨ ਬੰਨਿਆ ਕਰਦੀ ਸੀ। ਹੌਲੀ ਹੌਲੀ ਇਹ ਰਿਵਾਜ ਭੈਣ ਤੱਕ ਆ ਕੇ ਸੀਮਤ ਹੋ ਗਿਆ। ਮੱਧਕਾਲੀ ਰਾਜਪੂਤ ਇਸਤ੍ਰੀਆਂ ਯੁੱਧ ਕਰਨ ਜਾ ਰਹੇ ਆਪਣੇ ਪਤੀਆਂ ਨੂੰ ਤਿਲਕ ਲਗਾ ਕੇ ਰੱਖਿਆ ਸੂਤਰ ਬੰਨਿਆ ਕਰਦੀਆਂ ਸਨ। ਲੇਕਿਨ ਅੱਜ ਕੱਲ੍ਹ ਜ਼ਿਆਦਾਤਰ ਭੈਣਾਂ ਹੀ ਭਰਾਵਾਂ ਨੂੰ ਰਖਿਆ ਬੰਧਨ ਬੰਦੀਆਂ ਹਨ। ਕਦੀ-ਕਦੀ ਬਾਹਮਣ ਆਪਣੇ ਯਜਮਾਨਾਂ ਦੇ ਘਰ ਜਾ ਕੇ ਰੱਖੜੀ ਬੰਦੇ ਹਨ।
ਰੱਖੜੀ ਦੇ ਇਹਨਾਂ ਬੰਧਨਾਂ ਵਿਚ ਅਪਾਰ ਸ਼ਕਤੀ ਹੈ। ਇਤਿਹਾਸ ਇਸ ਗੱਲ ਦਾ ਸਬੂਤ ਹੈ ਕਿ ਇਹ ਤਿਉਹਾਰ ਬੇਸਹਾਰਿਆਂ ਦਾ ਸਹਾਰਾ ਅਤੇ ਉਹਨਾਂ ਨੂੰ ਸ਼ਕਤੀ ਦੇਣ ਵਾਲਾ ਰਿਹਾ ਹੈ। ਇਤਿਹਾਸ ਵਿਚ ਕਈ ਪੰਨੇ ਅਜਿਹੀਆਂ ਘਟਨਾਵਾਂ ਨਾਲ ਭਰੇ ਪਏ ਹਨ ਜਿਥੇ ਸ਼ਕਤੀਸ਼ਾਲੀ ਸ਼ਾਸਕਾਂ ਨੇ ਰੱਖਿਆ ਸੂਤਰ ਬੰਨ੍ਹਵਾ ਕੇ ਨਿਰਬਲਾਂ ਦੀ ਰਖਿਆ ਕਰਨ ਦਾ ਮਹਾਨ ਕੰਮ ਕੀਤਾ ਹੈ। ਇਹਨਾਂ ਪੰਨਿਆਂ ਵਿਚ ਕਰਮਵਤੀ ਦੀ ਰੱਖੜੀ ਦੀ ਆਪਣੀ ਵਿਸ਼ੇਸ਼ ਚਮਕ ਦਮਕ ਹੈ , ਜਿਸਨੇ ਇਕ ਮੁਗਲ ਸ਼ਾਸਕ ਨੂੰ ਬੰਧਨਾਂ ਵਿਚ ਬੰਨ੍ਹ ਕੇ ਆਪਣੀ ਰਖਿਆ ਕਰਵਾਈ। ਮੁਗਲ ਬਾਦਸ਼ਾਹ ਹਮਾਯੂ ਭਾਰਤੀ ਇਸਤ੍ਰੀਆਂ ਦੇ ਇਹਨਾਂ ਬੰਧਨਾਂ ਦਾ ਮੁੱਲ ਅਤੇ ਉਹਨਾਂ ਦੀ ਇੱਜ਼ਤ ਕਰਨਾ ਜਾਣਦਾ ਸੀ। ਉਸਨੇ ਆਪਣੇ ਪਿਤਾ ਦੇ ਦੁਸ਼ਮਣ ਰਾਣਾ ਸਾਂਗਾ ਦੀ ਪਤਨੀ ਕਰਮਵਤੀ ਕੋਲੋਂ ਰੱਖੜੀ ਬੰਧਵਾ ਕੇ ਉਸਨੂੰ ਆਪਣੀ ਭੈਣ ਬਣਾਇਆ। ਇਸ ਸਮੇਂ ਉਹ ਆਪਣੀਆਂ ਮੁਸੀਬਤਾਂ ਵਿਚ ਘਿਰਿਆ ਹੋਇਆ ਸੀ। ਲੇਕਿਨ ਇਹਨਾਂ ਮੁਸੀਬਤਾਂ ਨੂੰ ਵਿਚਕਾਰ ਹੀ ਛੱਡ ਕੇ ਉਹ ਆਪਣੀ ਭੈਣ ਦੀ ਲਾਜ ਬਚਾਉਣ ਲਈ ਚਲ ਪਿਆ। ਭੈਣ ਦੀ ਰੱਖੜੀ ਦਾ ਮੁੱਲ ਉਸਨੇ ਪੂਰਾ-ਪੂਰਾ ਚੁਕਾਇਆ। ਇਸ ਕਰੱਤਵ ਪਾਲਣ ਵਿਚ ਉਹ ਆਪਣਾ ਰਾਜ ਗੁਆ ਬੈਠਾ। ਅਜਿਹੇ ਹੋਰ ਵੀ ਅਨੇਕਾਂ ਸਬੂਤ ਹਨ ਜੋ ਇਸ ਤਿਉਹਾਰ ਦੇ ਮਹੱਤਵ ਨੂੰ ਵਧਾਉਂਦੇ ਹਨ।
ਰੱਖੜੀ ਦੇ ਦਿਨ ਔਰਤਾਂ ਸਵੇਰੇ ਹੀ ਨਵੇਂ-ਨਵੇਂ ਕੱਪੜੇ ਪਾਉਂਦੀਆਂ ਹਨ। ਤਰ੍ਹਾਂ-ਤਰ੍ਹਾਂ ਦੀਆਂ ਮਿਠਾਈਆਂ ਅਤੇ ਰੱਖੜੀ ਲੈ ਕੇ ਉਹ ਭਰਾਵਾਂ ਕੋਲ ਆਉਂਦੀਆਂ ਹਨ। ਉਹਨਾਂ ਨੂੰ ਰੱਖੜੀ ਬੰਨ੍ਹ ਕੇ ਮਿਠਾਈ ਆਦਿ ਦਿੰਦੀਆਂ ਹਨ ਅਤੇ ਉਹਨਾਂ ਦੀ ਲੰਬੀ ਉਮਰ ਲਈ ਪ੍ਰਾਰਥਨਾ ਕਰਦੀਆਂ ਹਨ। ਭਰਾ ਵੀ ਆਪਣੀ ਸ਼ਕਤੀ ਦੇ ਅਨੁਸਾਰ ਭੈਣ ਦੀ ਇੱਜ਼ਤ ਕਰਦੇ ਹਨ। ਇਸੇ ਤਰ੍ਹਾਂ ਬਾਹਮਣ ਵੀ ਆਪਣੇ ਯਜ਼ਮਾਨ ਦੇ ਰਖਿਆ ਸੂਤਰ ਬੰਨ੍ਹ ਕੇ ਉਹਨਾਂ ਨੂੰ ਆਪਣੇ ਕਰੱਤਵ ਦੀ ਯਾਦ ਦਵਾਉਂਦਾ ਹੈ।
ਲੋਕ ਇਸ ਦਿਨ ਨਹਾਉਣ ਤੋਂ ਬਾਅਦ ਜਨੇਊ ਬਦਲਦੇ ਹਨ ਅਤੇ ਪੁਰਾਤਨ ਰਿਸ਼ੀ ਮੁਨੀਆਂ ਨੂੰ ਯਾਦ ਕਰਦੇ ਹਨ। ਇਸ ਕਾਰਨ ਇਸ ਤਿਉਹਾਰ ਨੂੰ ਰਿਸ਼ੀ ਤਰਪਣੀ ਦੇ ਨਾਂ ਨਾਲ ਵੀ ਪੁਕਾਰਿਆ ਜਾਂਦਾ ਹੈ।
ਭਾਰਤ ਦੇ ਸਵਤੰਤਰਤਾ ਸੰਗਰਾਮ ਵਿਚ ਰੱਖੜੀ ਦਾ ਹੋਰ ਵੀ ਮਹੱਤਵ ਹੋ ਗਿਆ ਹੈ। ਦੇਸ਼ ਦੇ ਜਵਾਨਾਂ ਨੇ ਭਾਰਤ ਮਾਂ ਦੀ ਰਖਿਆ ਦੇ ਲਈ ਰਖਿਆ ਸੂਤਰ ਬੰਵਾਏ। ਭੈਣਾਂ ਨੇ ਭਰਾਵਾਂ ਦੇ ਗੁੱਟਾਂ ਤੇ ਰੱਖੜੀ ਬੰਨ੍ਹ ਕੇ ਉਹਨਾਂ ਨੂੰ ਦੋਸ਼ ਆਜ਼ਾਦ ਕਰਾਉਣ ਲਈ ਭੇਜਿਆ।
ਕੁਝ ਸਾਲਾਂ ਤੋਂ ਰੱਖੜੀ ਦਾ ਮਹੱਤਵ ਕੁਝ ਘੱਟ ਗਿਆ ਹੈ। ਭਰਾ-ਭੈਣ ਵਿਚਾਲੇ ਅਜਿਹਾ ਪਿਆਰ ਨਹੀਂ ਜੋ ਕੁਝ ਸਮੇਂ ਪਹਿਲਾਂ ਸੀ। ਭੈਣਾਂ ਵੀ ਪੈਸੇ ਦੇ ਲਾਲਚ ਵਿਚ ਭਰਾਵਾਂ ਦੇ ਰੱਖੜੀ ਬੰਦੀਆਂ ਹਨ ਅਤੇ ਭਰਾ ਵੀ ਭੈਣਾਂ ਦੀ ਪਰਵਾਹ ਨਹੀਂ ਕਰਦੇ।ਵੱਧਦੇ ਹੋਏ ਫੈਸ਼ਨ ਅਤੇ ਪੱਛਮੀ ਸਭਿਅਤਾ ਦੇ ਵਿਸਤਾਰ ਨੇ ਅੱਜ ਰੱਖੜੀ ਦੀ ਚਮਕ ਨੂੰ ਘੱਟ ਕਰ ਦਿੱਤੋ ਹੈ। ਸਾਨੂੰ ਆਪਣੀ ਸੰਸਕ੍ਰਿਤੀ ਦੇ ਰਾਖੇ ਇਹਨਾਂ ਤਿਓਹਾਰਾਂ ਨੂੰ ਧੂਮਧਾਮ ਨਾਲ ਮਨਾਉਣਾ ਚਾਹੀਦਾ ਹੈ ਤਾਂ ਜੋ ਇਹਨਾਂ ਦਾ ਮਹੱਤਵ ਬਣਿਆ ਰਾਹੇ।