ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ
Sachahu Ure Sabhu ko Upari Sachi Acharu
ਭੂਮਿਕਾ– ਗੁਰਬਾਣੀ ਦੀ ਇਹ ਤੁਕ, ‘ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰ ਸੀ ਗੁਰੂ ਨਾਨਕ ਦੇਵ ਜੀ ਦੁਆਰਾ ਲਿਖੀ ਗਈ ਹੈ ਅਤੇ ਇਕ ਅਖੁੱਟ ਸੱਚਾਈ ਨੂੰ ਪ੍ਰਗਟਾਉਂਦੀ ਹੈ।ਨਿਰਸੰਦੇਹ ਸੱਚ ਬੋਲਣਾ ਤਾਂ ਕੇਵਲ ਇਕ ਸ਼ੁੱਭ ਗੁਣ ਹੈ, ਪਰ ਸ਼ੁੱਭ ਆਚਰਨ ਕਈ ਗੁਣਾਂ ਦੇ ਸੰਗ੍ਰਹਿ ਦਾ ਨਾਂ ਹੈ, ਜਿਨ੍ਹਾਂ ਵਿਚੋਂ ਸੱਚ ਬੋਲਣਾ ਵੀ ਇਕ ਹੈ।
ਵਿਆਖਿਆ–ਗੁਰੂ ਜੀ ਦੱਸਦੇ ਹਨ ਕਿ ਸੱਚ ਦੇ ਇਸ ਪਾਸੇ ਸਭ ਤੋਂ ਉੱਤੇ ਸੱਚਾ ਆਚਾਰ ਹੈ।ਊਚ ਸੱਚੇ ਆਚਰਨ ਦੀ ਤੁਲਨਾ ਇਕ ਵੱਡੇ ਦਰਿਆ ਨਾਲ ਕੀਤੀ ਜਾ ਸਕਦੀ ਹੈ ਜਿਸ ਵਿਚੋਂ ਸੱਚ ਬੋਲਣ ਵਰਗੇ ਕਈ ਨਾਲੇ ਨਿਕਲਦੇ ਹਨ। ਜੇਕਰ ਇਕ ਆਦਮੀ ਕੋਈ ਅਪਰਾਧ ਕਰ ਕੇ ਉਸ ਨੂੰ ਮੰਨ ਲੈਂਦਾ ਹੈ। ਉਸ ਨੇ ਸੱਚ ਤਾਂ ਬੋਲ ਦਿੱਤਾ, ਪਰ ਇਸ ਅਪਰਾਧ ਨਾਲ ਉਸ ਦੇ ਆਚਰਨ ਉੱਤੇ ਲੱਗਾ ਕਾਲਾਦਾਗ਼ ਓਵੇਂ ਰਹਿੰਦਾ ਹੈ। ਜੇ ਕੋਈ ਆਦਮੀ ਸਾਰੀ ਉਮਰ ਔਗੁਣਾਂ ਅਤੇ ਕੁਕਰਮਾਂ ਵਿਚ ਲੀਨ ਹੋ ਕੇ ਬਿਤਾਉਂਦੇ ਪਿੱਛੋਂ ਮਰਨ ਕਿਨਾਰੇ ਆ ਕੇ ਥਾਣੇ ਵਿਚ ਸੱਚ ਬੋਲ ਦੇਵੇ- ਫ਼ਲਾਣੀ ਥਾਂ ਡਾਕਾ ਮਾਰਨ ਦੀ ਕਰਤੂਤ ਮੈਂ ਕੀਤੀ. ਅਮਕੇ ਨਿਰਦੋਸ਼ ਭੱਦਰ ਪੁਰਖ ਨੂੰ ਮੈਂ ਕਤਲ ਕੀਤਾ, ਉਸ ਮੁਕੱਦਮੇ ਵਿਚ ਝੂਠੀ ਗਵਾਹੀ ਮੈਂ ਦਿੱਤੀ, ਉਸ ਕੁਆਰੀ ਕੰਨਿਆਂ ਦਾ ਸਤ ਮੈਂ ਭੰਗ ਕੀਤਾ ਆਦਿ ਤਾਂ ਇਸ ਸੱਚ ਬੋਲਣ ਨਾਲ ਉਸ ਨੂੰ ਮੁਕਤੀ ਨਹੀਂ ਮਿਲ ਸਕਦੀ। ਇਸ ਲਈ ਸਪੱਸ਼ਟ ਹੈ ਕਿ ਸ਼ੁੱਧ ਚਾਲ-ਚਲਣ ਸੱਚ ਬੋਲਣ ਤੋਂ ਵੀ ਉੱਤਮ ਹੈ। ਇਸ ਲਈ ਤਾਂ ਕਿਹਾ ਜਾਂਦਾ ਹੈ ਕਿ ਚਾਲ-ਚਲਣ ਗਿਆ ਤਾਂ ਸਭ ਕੁਝ ਗਿਆ। ਇਸ ਤੋਂ ਸਾਡਾ ਭਾਵ ਇਹ ਨਹੀਂ ਕਿ ਚੰਗੇ ਆਚਰਨ ਵਾਲਾ ਮਨੁੱਖ ਜੇ ਝੂਠ ਬੋਲ ਲਵੇ ਤਾਂ ਉਹ ਇਸ ਦੀ ਸਜ਼ਾ ਤੋਂ ਬਰੀ ਹੋ ਸਕਦਾ ਹੈ। ਯੁਧਿਸ਼ਟਰ ਨੂੰ ਧਰਮੀ ਅਤੇ ਸੱਚ ਦਾ ਪੁਜਾਰੀ ਕਿਹਾ ਜਾਂਦਾ ਹੈ। ਉਨ੍ਹਾਂ ਦੇ ਗੁਰੂ ਦਰੋਣਾਚਾਰ ਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਸੀ ਕਿ ਮੇਰਾ ਸ਼ਿਸ਼ ਯੁਧਿਸ਼ਟਰ ਸੱਚ ਬੋਲਦਾ ਹੈ। ਮਹਾਂਭਾਰਤ ਦੇ ਯੁੱਧ ਸਮੇਂ ਗੁਰੂ ਦਰੋਣਾਚਾਰਯ ਦੀ ਜਾਨ ਲੈਣ ਦੇ ਬਹਾਨੇ ਸ੍ਰੀ ਕ੍ਰਿਸ਼ਨ ਮਹਾਰਾਜ ਨੇ ਯੁਧਿਸ਼ਟਰ ਤੋਂ ਅਸ਼ਵਥਾਮਾ ਹਾਥੀ ਜਿਸ ਦਾ ਨਾਂ ਦਰੋਣਾਯਾਰਯ ਦੇ ਪਰਮ ਪਿਆਰੇ ਪੁੱਤਰ ਦੇ ਨਾਂ ਉੱਤੇ ਹੀ ਰੱਖਿਆ ਹੋਇਆ ਸੀ, ਦੇ ਮਰ ਜਾਣ ਦਾ ਵਾਕ ਅਖਵਾਇਆ। ਭਾਵੇਂ ਇਹ ਗੱਲ ਸੱਚ ਹੀ ਸੀ ਕਿ ਇਸੇ ਨਾਂ ਦਾ ਹਾਥੀ ਮਾਰਿਆ ਜਾ ਚੁਕਿਆ ਸੀ ਪਰ ਕਿਉਂ ਕਿ ਯੁਧਿਸ਼ਟਰ ਨੇ ਇਹ ਵਾਕ ਬੋਲਿਆ ਹੀ ਧੋਖਾ ਦੇਣ ਲਈ ਸੀ ਇਸ ਲਈ ਪ੍ਰਚੱਲਿਤ ਕਥਾ ਅਨੁਸਾਰ, ਯੁਧਿਸ਼ਟਰ ਨੂੰ ਇਸ ਦੇ ਸਿੱਟੇ ਵਜੋਂ ਪਹਿਲਾਂ ਨਰਕਾਂ ਵਿਚ ਜਾਣਾ ਪਿਆ। ਇਸ ਕਥਾ ਤੋਂ ਇਕ ਗੱਲ ਭਲੀ-ਭਾਂਤ ਸਪੱਸ਼ਟ ਹੁੰਦੀ ਹੈ ਕਿ ਕਿਸੇ ਵਿਅਕਤੀ ਦਾ ਇਕ ਮੰਦਾ ਕਰਮ ਉਸ ਦੇ ਜੀਵਨ ਦੇ ਸਾਰੇ ਸ਼ੁੱਭ ਕਰਮਾਂ ਦੀ ਚੰਗਿਆਈ ਤੇ ਸਿਆਹੀ ਫੇਰ ਦਿੰਦਾ ਹੈ।
ਮਹੱਤਤਾ– “ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰ` ਵਿਚਲੀ ਸਚਾਈ ਨੂੰ ਸਮੁੱਚੇ ਸੰਸਾਰ ਨੇ ਸਵੀਕਾਰ ਕੀਤਾ ਹੈ।ਸਭ ਮਹਾਂਪੁਰਖਾਂ, ਪੀਰਾਂ-ਪੈਗੰਬਰਾਂ ਤੇ ਰਿਸ਼ੀਆਂ-ਮੁਨੀਆਂ ਨੇ ਆਪਣਾ ਆਦਰਸ਼ ਸੱਚ ਤੇ ਸ਼ੁੱਧ ਚਾਲ-ਚਲਣ ਰੱਖਿਆ।ਇਨ੍ਹਾਂ ਦੇ ਜੀਵਨ, ਬਾਣੀ, ਧਰਮ, ਕਰਮ, ਗੱਲ ਕੀ ਹਰ ਕੰਮ ਉੱਤੇ ਸੱਚ ਦੀ ਛਾਪ ਹੁੰਦੀ ਸੀ ।ਸੱਚ ਉਨ੍ਹਾਂ ਦਾ ਮੁੱਢਲਾ ਤੇ ਅਖ਼ੀਰਲਾ ਸਿਧਾਂਤ ਹੁੰਦਾ ਸੀ। ਕਿਸੇ ਨੇ ਠੀਕ ਹੀ ਕਿਹਾ ਹੈ:
ਹੈ ਪੱਲੇ ਤੇਰੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ।
ਕਲਯੁੱਗ ਵਿਚ ਸੱਚ ਦੀ ਮਹਿਮਾ-ਕਹਿੰਦੇ ਹਨ ਕਿ ਸਤਯੁੱਗ ਵਿਚ ਲੋਕ ਬੜੇ ਧਰਮੀ ਹੁੰਦੇ ਸਨ। ਝੂਠ ਦਾ ਨਾਂ-ਨਿਸ਼ਾਨ ਨਹੀਂ ਸੀ ਹੁੰਦਾ ਅਤੇ ਹਰ ਥਾਂ ਸੱਚ ਦਾ ਹੀ ਪਸਾਰਾ ਸੀ। ਸ਼ਾਇਦ ਇਸ ਕਰਕੇ ਸੱਤ-ਪੁਰਖਾਂ ਦੇ ਯੁੱਗ ਦਾ ਨਾਂ ਸਤਯੁੱਗ ਪੈ ਗਿਆ। ਤਰੇਤੇ ’ਤੇ ਦੁਆਪਰ ਵਿਚ ਭਾਵੇਂ ਬਹੁਤ ਸਾਰੇ ਧਰਮੀ ਧਾੜਵੀਆਂ ਵਿਚ ਬਦਲ ਗਏ ਫਿਰ ਵੀ ਸਚਾਈ ਦੇ ਬਹੁਤ ਸਾਰੇ ਪਰਵਾਨੇ ਸੱਚ ਦੀ ਸ਼ਮਾਂ ਉੱਤੇ ਮੰਡਲਾਉਂਦੇ ਰਹੇ। ਸੱਤਵਾਦੀ ਰਾਜਾ ਹਰੀਸ਼ ਚੰਦਰ ਨੇ ਰਾਜ ਭਾਗ ਨੂੰ ਤਿਆਗਿਆ, ਬੇਅੰਤ ਬਿਪਤਾਵਾਂ ਨੂੰ ਖਿੜੇ ਮੱਥੇ ਝਾਗਿਆ-ਸੱਚ ਨੂੰ ਲਾਜ ਲੱਗਣੋਂ ਬਚਾਉਣ ਲਈ ਉਸ ਨੇ ਨਾ ਕੇਵਲ ਆਪਣੀ ਰਾਣੀ ਤੇ ਪੁੱਤਰ ਨੂੰ ਹੀ, ਸਗੋਂ ਆਪਣੇ ਆਪ ਨੂੰ ਵੀ ਵੇਚਿਆ ਕਲਯੁੱਗ ਨੂੰ ਭਾਵੇਂ ਕਲਯੁਗਿ ਰਥੁ ਅਗਨਿ ਕਾ ਕੂੜੁ ਅਗੇ ਰਥਵਾਹੁ ਜਾਂ “ਕੂੜ ਚੰਦਰਮਾ ਸਚ ਅਮਾਵਸ ਦੀਸੈ ਨਾਹੀ ਕੈ ਚੜ੍ਹਿਆ’ ਜਿਹਾ ਸਮਾਂ ਕਿਹਾ ਜਾਂਦਾ ਹੈ, ਫਿਰ ਵੀ ਗੁਰੂ ਨਾਨਕ ਦੇਵ ਜੀ ਵਰਗੇ ਮਹਾਨ ਪੁਰਖਾਂ ਨੇ ‘ਸਚੀ ਪਟੀਸਚੁ ਮਨਿ ਪੜੀਐ ਸਬਦ ਸੁ ਸਾਰ ਦਾ ਨਾਅਰਾ ਲਾਇਆ ਅਤੇ ਬਾਬਾ ਫ਼ਰੀਦ ਜੀ ਨੇ ਕਿਹਾ, “ਬੋਲੀਐ ਸਚੁ ਧਰਮੁ ਝੂਠ ਨਾ ਬੋਲੀਐ । ਇਸ ਯੁੱਗ ਵਿਚ ਹੀ ਭਗਤ ਕਬੀਰ ਅਤੇ ਮਹਾਤਮਾ ਗਾਂਧੀ ਵਰਗੇ ਸੱਤਵਾਦੀ ਵਿਅਕਤੀ ਪੈਦਾ ਹੋਏ ।ਉਨ੍ਹਾਂ ਦਾ ਜੀਵਨ ਇਸ ਗੱਲ ਦਾ ਗਵਾਹ ਹੈ ਕਿ ਉਨਾਂ ਦੀ ਕਰਨੀ ਤੇ ਕਥਨੀਹਾਂ ਵਿਚ ਹੀ ਸੱਚ ਪ੍ਰਧਾਨ ਸੀ।
ਹਰ ਧਾਰਮਿਕ ਗ੍ਰੰਥ ਅਤੇ ਹਰ ਧਰਮ ਦਾ ਨਿਰਮਾਤਾ ਸੱਚ ਨੂੰ ਹੀ ਧਰਮ ਦੀ ਬੁਨਿਆਦ ਮੰਨਦਾ ਹੈ। ਵੇਦ, ਰਮਾਇਣ ਤੇ ਮਹਾਂਭਾਰਤ ਵੀ ਸੱਚ ਬੋਲਣ ਲਈ ਕਹਿੰਦੇ ਹਨ।ਆਦਿ ਗ੍ਰੰਥ ਕੁਰਾਨ ਅਤੇ ਅੰਜੀਲ ਵਿਚ ਵੀ ਸੱਚ ਬੋਲਣ ਲਈ ਪ੍ਰੇਰਨਾ ਕੀਤੀ ਗਈ ਹੈ।
ਵਰਤਮਾਨ ਯੁੱਗ ਵਿਚ ਸੱਚ ਦੀ ਦੁਰਦਸ਼ਾ–ਪਰ ਵਰਤਮਾਨ ਸਮੇਂ ਵਿਚ ਸੱਚ ਬੋਲਣਾ ਮਹੁਰਾ ਖਾਣ ਨਾਲੋਂ ਘੱਟ ਨਹੀਂ ਸਮਝਿਆ ਜਾਂਦਾ। ਅੱਜ ਦੇ ਇਨਸਾਨ ਦੇ ਹਰ ਬੋਲ ਵਿਚੋਂ, ਹਰ ਕੰਮ ਵਿਚੋਂ, ਜੀਵਨ ਦੇ ਹਰ ਪਲ ਵਿਚੋਂ ਝੂਠ ਦੀ ਦੁਰਗੰਧ ਆਉਂਦੀ ਹੈ। ਭਾਵੇਂ ਲੋਕ ਝੂਠ ਬੋਲਦੇ ਹਨ, ਪੈਰ-ਪੈਰ ਤੇ ਕੁਫਰ ਤੋਲਦੇ ਹਨ, ਇਹ ਵੀ ਸਮਝਦੇ ਹਨ ਕਿ ਸੱਚ ਬੋਲਣਾ ਅਲੂਣੀ ਮਿਲ ਚੱਟਣ ਤੋਂ ਛੁੱਟ ਹੋਰ ਕੁਝ ਵੀ ਨਹੀਂ, ਫਿਰ ਵੀ ਉਹ ਇਸ ਗੱਲ ਨੂੰ ਮੰਨਦੇ ਹਨ ਕਿ ਸੱਚ ਬੋਲਣਾ ਚਾਹੀਦਾ ਹੈ। ਅਸਲ ਵਿਚ ਉਨ੍ਹਾਂ ਦਾ ਕਾਰ-ਵਿਹਾਰ ਉਠ ਤੇ ਪਰਦਾਹੈ।ਜੇਉਹ ਸੱਚ ਬੋਲਣ ਤਾਂ ਨਾ ਕੇਵਲ ਉਨ੍ਹਾਂ ਦਾ ਕਾਰ-ਵਿਹਾਰ ਠੱਪ ਹੋ ਜਾਂਦਾ ਹੈ, ਸਗੋਂ ਲੋਕਾਂ ਵੀ ਮੂਰਖ ਸਮਝਣ ਲੱਗ ਜਾਂਦੇ ਹਨ।
ਸੁੱਚ ਤੋਂ ਬਿਨਾਂ ਸੱਚ ਦੀ ਪ੍ਰਾਪਤੀ ਅਸੰਭਵ ਹੈ- ਸੁੱਚ ਤੋਂ ਬਿਨਾਂ ਸੱਚ ਦੀ ਪ੍ਰਾਪਤੀ ਅਸੰਭਵ ਹੈ। ਗੁਰਬਾਣੀ ਇਸ ਗੱਲ ਦੀ ਸਾਖੀ ਭਰਦੀ ਹੈ :
ਸੁਚਿ ਹੋਵੈ ਤਾਂ ਸਚੁ ਪਾਈਐ।
ਵੱਡੇ-ਵੱਡੇ ਯੋਧਿਆਂ ਅਤੇ ਸੂਰਮਿਆਂ ਨੂੰ ਮੂੰਹ ਦੀ ਖੁਆਉਣ ਵਾਲਾ ਵੀ ਘਟੀਆ ਆਚਰਨ ਹੀ ਸੀ। ਤਲਵਾਰ ਦਾ ਧਨੀ, ਬਾਲੀ, ਜਿਸ ਨੂੰ ਵਰ ਸੀ ਕਿ ਜਿਸ ਨਾਲ ਉਹ ਲੜੇਗਾ, ਉਸ ਦਾ ਅੱਧਾ ਬਲ ਉਸ (ਬਾਲੀ) ਵਿਚ ਆ ਜਾਵੇਗਾ, ਨੂੰ ਸ੍ਰੀ ਰਾਮ ਚੰਦਰ ਦੇ ਤੀਰ ਦਾ ਸ਼ਿਕਾਰ ਹੋਣਾ ਪਿਆ ਕਿਉਂਕਿ ਉਸ ਦਾ ਆਚਾਰ ਕੁਰਾਹੇ ਪੈ ਗਿਆ ਸੀ-ਉਸ ਨੇ ਸੁਗਰੀਵ ਵਰਗੇ ਬੀਬੇ ਭਰਾ ਦਾ ਰਾਜ-ਭਾਗ ਖੋਹ ਲਿਆ ਅਤੇ ਆਪਣੀ ਭਰਜਾਈ ਨੂੰ ਪਤਨੀ ਬਣਾਉਣ ਦੀ ਮੁਰਖਤਾ ਕੀਤੀ।
ਚੰਗੇ ਚਾਲ–ਚਲਣ ਵਾਲਿਆਂ ਦੇ ਲੱਛਣ– ਸੱਚ ਬੋਲਣਾ, ਮਿੱਠਾਉਚਰਨਾ, ਵੰਡ ਕੇ ਖਾਣਾ, ਕਿਸੇ ਦੀ ਇੱਜ਼ਤ ਲੁੱਟਣ ਦੀ ਚੇਸ਼ਟਾ ਨਾ ਕਰਨਾ, ਕਿਸੇ ਨਾਲ ਧੋਖਾ ਨਾ ਕਰਨਾ, ਚੋਰੀ ਡਾਕੇ ਤੋਂ ਦੂਰ ਰਹਿਣਾ, ਵੱਡਿਆਂ ਦਾ ਸਤਿਕਾਰ ਅਤੇ ਛੋਟਿਆਂ ਨਾਲ ਪਿਆਰ ਕਰਨਾ, ਕਿਸੇ ਦੇ ਦੁੱਖਾਂ ਦਾ ਸਾਂਝੀਵਾਲ ਬਣਨਾ, ਹਰ ਜੀਵ ਤੇ ਦਇਆ ਕਰਨੀ, ਆਪ ਜਿਊਣਾ ਅਤੇ ਦੂਜਿਆਂ ਨੂੰ ਜਿਊਣ ਦੇਣਾ, ਦੂਜਿਆਂ ਦੇ ਮਾਮਲੇ ਵਿਚ ਵਿਅਰਥ ਹੀ ਟੰਗ ਨਾ ਅੜਾਉਣਾ, ਕਿਸੇ ਦਾ ਹੱਕ ਨਾ ਮਾਰਨਾ ਅਤੇ ਜ਼ਾਲਮਾਂ ਤੋਂ ਬੇਦੋਸ਼ਿਆਂ ਨੂੰ ਬਚਾਉਣਾ ਆਦਿ ਚੰਗੇ ਚਾਲ-ਚਲਣ ਵਾਲਿਆਂ ਦੇ ਕੁਝ ਕੁ ਲੱਛਣ ਹਨ।
ਸੱਚ ਤੇ ਆਚਰਨਵਾਨ ਕਿਵੇਂ ਹੋ ਸਕੀਦਾ ਹੈ – ਆਓ ਜ਼ਰਾ ਵੇਖੀਏ ਕਿ ਸੱਚ ਕਿਵੇਂ ਬੋਲਿਆ ਜਾ ਸਕਦਾ ਹੈ ਅਤੇ ਚਾਲ-ਚਲਣ ਕਿਵੇਂ ਸ਼ੁੱਧ ਰੱਖਿਆ ਜਾ ਸਕਦਾ ਹੈ। ਪਹਿਲੀ ਲੋੜ ਇਸ ਸੰਬੰਧ ਵਿਚ “ਧਰਮੀ ਹੋਣ ਦੀ ਹੈ।ਧਰਮੀ ਮਨੁੱਖ ਹੀ ਸੱਚ ਬੋਲ ਸਕਦਾ ਹੈ ਅਤੇ ਚੰਗੇ ਗੁਣ ਧਾਰਨ ਕਰ ਸਕਦਾ ਹੈ।ਅਸਲ ਵਿਚ ਧਰਮ ਅਤੇ ਸ਼ਿਸ਼ਟਾਚਾਰ ਇਕੋ ਚੀਜ਼ ਦੇ ਦੋਨਾਂ ਹਨ।ਸ਼ੁਭ ਗੁਣਾਂ ਦਾ ਧਾਰਨੀ ਕਿਸੇ ਧਰਮ ਦਾ ਪੈਰੋਕਾਰ ਨਾ ਹੁੰਦਾ ਹੋਇਆ ਵੀ ਧਰਮੀ ਹੈ। ਔਗੁਣਾਂ ਦਾ ਧਾਰਨੀ ਭਾਵੇਂ ਲੋਕਾਂ ਵਿਚ ਨੇਕੀ ਦਾ ਪ੍ਰਚਾਰਕ ਅਤੇ ਵਿਖਾਵੇ ਲਈ ਪੁੰਨ-ਦਾਨ ਕਰਨ ਵਾਲਾ ਕਿਉਂ ਨਾ ਹੋਵੇ, ਉਹ ਧਰਮੀ ਨਹੀਂ ਬਣ ਸਕਦਾ।
ਸਿੱਟਾ–ਉਪਰੋਕਤ ਵਿਚਾਰਾਂ ਦੇ ਅਧਾਰ ਤੇ ਅਸੀਂ ਇਸ ਸਿੱਟੇ ਤੇ ਪੁੱਜਦੇ ਹਾਂ ਕਿ ਸੱਚ ਬੋਲਣ ਲਈ ਹਿੰਮਤ ਤੇ ਹੌਸਲੇ ਦੀ ਲੋੜ ਹੈ ਅਤੇ ਚੰਗਾ ਚਾਲ-ਚਲਣ ਰੱਖਣ ਲਈ ਇਸ ਤੋਂ ਵੀ ਵਧੇਰੇ ਹਿੰਮਤ ਦੀ ਜ਼ਰੂਰਤ ਹੈ। ਸਭ ਗੁਣਾਂ ਅਤੇ ਵਡਿਆਈਆਂ ਨਾਲੋਂ ਉੱਤਮ ਹੈ ਸੱਚ ਅਤੇ ਸੱਚ ਨਾਲੋਂ ਵੀ ਉੱਤਮ ਹੈ ਸ਼ੁੱਧ ਆਚਾਰ ।ਇਸ ਲਈ ਗੁਰਬਾਣੀ ਦੀ ਤੁਕ ‘ਸਚਹੁ ਓਰੈ ਸਭ ਕੋ ਉਪਰਿ ਸਚੁ ਅਚਾਰੁ ਸਚਾਈ ਭਰਪੂਰ ਹੈ।