ਸਫ਼ਰ ਕਰਨ ਦਾ ਅਨੁਭਵ
Safar karan da Anubhav
ਆਪਣੇ ਆਲੇ-ਦੁਆਲੇ ਅਤੇ ਦੂਰ-ਦੁਰਾਡੀਆਂ ਥਾਵਾਂ ਨੂੰ ਦੇਖਣ ਅਥਵਾ ਸਫ਼ਰ ਕਰਨ ਨੂੰ ਹਰ ਇੱਕ ਦਾ ਮਨ ਕਰਦਾ ਹੈ। ਇਹ ਸਫ਼ਰ ਸਾਡੇ ਗਿਆਨ ਅਥਵਾ ਜਾਣਕਾਰੀ ਵਿੱਚ ਵਾਧਾ ਕਰਦਾ ਹੈ। ਸਫ਼ਰ ਤੋਂ ਸਾਨੂੰ ਕਈ ਤਰ੍ਹਾਂ ਦੇ ਅਨੁਭਵ ਪ੍ਰਾਪਤ ਹੁੰਦੇ ਹਨ। ਕਿਸੇ ਇਤਿਹਾਸਿਕ ਇਮਾਰਤ ਜਾਂ ਸਥਾਨ ਨੂੰ ਆਪਣੀਆਂ ਅੱਖਾਂ ਨਾਲ ਦੇਖ ਕੇ ਜੋ ਜਾਣਕਾਰੀ ਪ੍ਰਾਪਤ ਹੁੰਦੀ ਹੈ ਉਹ ਹਮੇਸ਼ਾਂ ਯਾਦ ਰਹਿੰਦੀ ਹੈ। ਇਸ ਲਈ ਵਿਦਿਆਰਥੀਆਂ ਲਈ ਤਾਂ ਸਫ਼ਰ ਦਾ ਹੋਰ ਵੀ ਜ਼ਿਆਦਾ ਮਹੱਤਵ ਹੈ। ਕਿਤਾਬਾਂ ਰਾਹੀਂ ਪ੍ਰਾਪਤ ਕੀਤੀ ਜਾਣਕਾਰੀ ਨੂੰ ਜਦ ਉਹ ਆਪਣੀਆਂ ਅੱਖਾਂ ਨਾਲ ਦੇਖਦੇ ਹਨ ਤਾਂ ਉਹਨਾਂ ਨੂੰ ਅਸਲੀਅਤ ਦਾ ਅਨੁਭਵ ਹੁੰਦਾ ਹੈ। ਸਫ਼ਰ ਕਰਨ ਨਾਲ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਇੱਕੋ ਜਿਹੇ ਰੁਝੇਵਿਆਂ ਤੋਂ ਮੁਕਤ ਹੋ ਕੇ ਇੱਕ ਅਲੱਗ ਅਨੁਭਵ ਪ੍ਰਾਪਤ ਕਰਦੇ ਹਾਂ ਜਿਸ ਤੋਂ ਸਾਨੂੰ ਮਹੱਤਵਪੂਰਨ ਜਾਣਕਾਰੀ ਹੀ ਨਹੀਂ ਮਿਲਦੀ ਸਗੋਂ ਮਾਨਸਿਕ ਖੁਸ਼ੀ ਵੀ ਪ੍ਰਾਪਤ ਹੁੰਦੀ ਹੈ। ਹਰ ਰੋਜ਼ ਇੱਕੋ ਜਿਹਾ ਕੰਮ ਕਰ ਕੇ ਅੱਕ ਚੁੱਕੇ ਇਨਸਾਨ ਲਈ ਸਫ਼ਰ ਕਰਨਾ ਮਨੋਰੰਜਨ ਦਾ ਕੰਮ ਦਿੰਦਾ ਹੈ । ਲਫ਼ਰ ਕਰ ਕੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਸਰੀਆਂ ਥਾਵਾਂ ਦੇ ਲੋਕਾਂ ਦੇ ਰਹਿਣ-ਸਹਿਣ ਅਥਵਾ ਉਹਨਾਂ ਦੀ ਸਮਾਜਿਕ ਤੇ ਆਰਥਿਕ ਹਾਲਤ ਦਾ ਸਾਡੇ ਨਾਲੋਂ ਕੀ ਫ਼ਰਕ ਹੈ। ਦੇਸ ਦੀਆਂ ਦੁਸਰੀਆਂ ਥਾਂਵਾਂ ਦੇ ਸਫ਼ਰ ਰਾਹੀਂ ਆਪਸੀ ਪਿਆਰ ਅਤੇ ਕੌਮੀ ਏਕਤਾ ਵਰਗੀਆਂ ਭਾਵਨਾਵਾਂ ਵੀ ਪੈਦਾ ਹੁੰਦੀਆਂ ਹਨ। ਸਫ਼ਰ ਤੋਂ ਮਨੋਰੰਜਨ ਦੇ ਨਾਲ-ਨਾਲ ਕਈ ਤਰ੍ਹਾਂ ਦੀ ਜਾਣਕਾਰੀ ਮਿਲਦੀ ਹੈ। ਪਰ ਭਾਰਤ ਵਿੱਚ ਬਹੁਤ ਘੱਟ ਲੋਕ ਸ਼ੌਕ ਨਾਲ ਸਫ਼ਰ ਕਰਦੇ ਹਨ। ਇਹਨਾਂ ਵਿੱਚੋਂ ਵੀ ਬਹੁਤੇ ਅਜਿਹੇ ਹਨ ਜਿਹੜੇ ਸਾਲ ਵਿੱਚ ਇੱਕ ਅੱਧੀ ਵਾਰ ਛੁੱਟੀਆਂ ਆਦਿ ਹੋਣ ‘ਤੇ ਦੂਰ-ਨੇੜੇ ਘੁੰਮਣ ਚਲੇ ਜਾਂਦੇ ਹਨ ਜਾਂ ਫਿਰ ਕਿਸੇ ਧਾਰਮਿਕ ਸਥਾਨ ਦੀ ਯਾਤਰਾ ਲਈ ਜਾਂਦੇ ਹਨ। ਸਾਡੇ ਦੇਸ਼ ਵਿੱਚ ਬਹੁਤੇ ਲੋਕ ਅਜਿਹੇ ਹਨ ਜੋ ਆਪਣੇ ਨਿੱਜੀ ਕੰਮ-ਕਾਜ ਅਥਵਾ ਰਿਸ਼ਤੇਦਾਰਾਂ ਨੂੰ ਮਿਲਣ ਆਦਿ ਲਈ ਹੀ ਸਫ਼ਰ ਕਰਦੇ ਹਨ। ਕੁਝ ਲੋਕ ਲੇਖਕਾਂ ਦੁਆਰਾ ਲਿਖੇ ਸਫ਼ਰਨਾਮੇ ਪੜ੍ਹ ਕੇ ਹੀ ਜਾਣਕਾਰੀ ਪ੍ਰਾਪਤ ਕਰ ਲੈਂਦੇ ਹਨ। ਸਫ਼ਰ ਤੇ ਜਾਣ ਵਾਲੇ ਵਿਅਕਤੀ ਨੂੰ ਭਾਵੇਂ ਰਸਤੇ ਵਿੱਚ ਕੁਝ ਮੁਸ਼ਕਲਾਂ ਵੀ ਪੇਸ਼ ਆਉਂਦੀਆਂ ਹਨ ਪਰ ਫਿਰ ਵੀ ਉਸ ਨੂੰ ਖ਼ੁਸ਼ੀ ਦਾ ਅਨੁਭਵ ਹੁੰਦਾ ਹੈ। ਸਾਨੂੰ ਸਫ਼ਰ ਕਰਨ ਲਈ ਜ਼ਰੂਰ ਸਮਾਂ ਕੱਢਣਾ ਚਾਹੀਦਾ ਹੈ।