ਵਿਦਿਆਰਥੀ ਤੇ ਅਨੁਸ਼ਾਸਨ
Vidyarthi te Anushasan
ਉਹ ਸਮਾਂ ਅੱਜ ਬੀਤੀ ਕਹਾਣੀ ਬਣ ਕੇ ਰਹਿ ਗਿਆ ਹੈ ਜਦੋਂ ਵਿਦਿਆਰਥੀ ਰੂਪੀ ਚੇਲੇ ਅਧਿਆਪਕ ਰੂਪੀ ਗੁਰੁ ਇਕੱਠੇ ਆਸ਼ਰਮਾਂ ਵਿੱਚ ਰਹਿੰਦੇ ਸਨ ਅਤੇ ਅਧਿਆਪਕ ਦੀ ਹਰ ਗੱਲ ਨੂੰ ਸਿਰ-ਮੱਥੇ ਮੰਨਣਾ ਵਿਦਿਆਰਥੀ ਦਾ ਧਰਮ ਸੀ।ਵਿਦਿਆਰਥੀ ਵੱਲੋਂ ਕਿਸੇ ਕਿਸਮ ਦੀ ਜ਼ਿਆਦਤੀ ਜਾਂ ਅਨੁਸ਼ਾਸਨਹੀਣਤਾ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਆਸ਼ਰਮਾਂ ਵਿੱਚ ਵਿਦਿਆਰਥੀ ਤੇ ਅਧਿਆਪਕ ਇਵੇਂ ਜੀਵਨ ਬਤੀਤ ਕਰਦੇ ਸਨ ਜਿਵੇਂ ਇੱਕ ਟੱਬਰ ਦੇ ਜੀਅ ਹੋਣ।
ਪਰ ਅੱਜ ਅੱਜ ਤਾਂ ਸਮਾਂ ਬਿਲਕੁਲ ਹੀ ਬਦਲ ਗਿਆ ਹੈ ।ਵਿਦਿਆਰਥੀਆਂ ਵਿੱਚ ਉਹ ਗੁਰੂ ਲਈ ਸਤਿਕਾਰ ਦੀ ਭਾਵਨਾ ਅਤੇ ਮਾਨਸਕ ਸ਼ਾਂਤੀ ਤੇ ਧੀਰਜ ਰਿਹਾ ਹੀ ਨਹੀਂ। ਅਸੀਂ ਆਏ ਦਿਨ ਅਖ਼ਬਾਰਾਂ ਵਿੱਚ ਪੜ੍ਹਦੇ ਅਤੇ ਅੱਖੀਂ ਵੇਖਦੇ ਹਾਂ-ਕਿਤੇ ਵਿਦਿਆਰਥੀਆਂ ਨੇ ਆਪਣੀ ਸੰਸਥਾ ਦੇ ਸ਼ੀਸ਼ੇ ਤੋੜ ਦਿੱਤੇ ਹਨ; ਕਿਤੇ ਸਿਨੇਮਾ ਹਾਲ ਦਾ ਸਾਰਾ ਫ਼ਰਨੀਚਰ ਤਬਾਹ ਕਰ ਦਿੱਤਾ ਹੈ; ਕਿਤੇ ਗੱਡੀਆਂ ਜਾਂ ਬੱਸਾਂ ਨੂੰ ਅੱਗ ਲਾ ਦਿੱਤੀ ਹੈ; ਕਿਤੇ ਕਿਸੇ ਵਿਦਿਅਕ-ਅਧਿਕਾਰੀ ਦੀ ਭਰੇ-ਬਜ਼ਾਰ ਬੇਇੱਜ਼ਤੀ ਕਰ ਦਿੱਤੀ ਹੈ; ਕਿਤੇ ਹੜਤਾਲੀਆਂ ਦੇ ਜਲੁਸ ਨੇ ਬਜ਼ਾਰ ਦੀਆਂ ਦੁਕਾਨਾਂ ਲੁੱਟ ਲਈਆਂ ਹਨ ਆਦਿ। ਪੁਲਿਸ-ਅਧਿਕਾਰੀ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਲਾਠੀਚਾਰਜ, ਅੱਥਰੂ-ਗੈਸ ਤੇ ਨਕਲੀ ਗੋਲੀ ਚਲਾ ਕੇ ਆਪਣਾ ਟਿੱਲ ਲਾਉਂਦੇ ਹਨ ਪਰ ਕੁਝ ਪੇਸ਼ ਨਹੀਂ ਜਾਂਦੀ; ਰੋਗ ਵਧਦਾ ਹੀ ਜਾਂਦਾ ਹੈ, ਹੱਲ ਹੋਣ ਵਿੱਚ ਨਹੀਂ ਆਉਂਦਾ।
ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਅਨੁਸ਼ਾਸਨਹੀਣਤਾ ਦਾ ਦੂਜਾ ਰੂਪ ਇਨ੍ਹਾਂ ਦੇ ਨਿੱਜੀ ਵੈਲ ਨਾਲ ਸੰਬੰਧਤ ਹੈ। ਅੱਜਕੱਲ੍ਹ ਬਹੁਤੇ ਵਿਦਿਆਰਥੀ ਸਿਗਰਟਾਂ-ਸ਼ਰਾਬਾਂ ਪੀਣਾ, ਕਿਤਾਬਾਂ ਤੋਂ ਬਿਨਾਂ ਸਕੂਲਾਂ, ਕਾਲਜਾਂ ਵਿੱਚ ਜਾਣਾ, ਮਾਪਿਆਂ ਤੇ ਅਧਿਆਪਕਾਂ ਦੀ ਪ੍ਰਵਾਹ ਨਾ ਕਰਨਾ, ਪੜ੍ਹਨ ਦੀ ਥਾਂ ਨਕਲਾਂ ਮਾਰਨ ਵੱਲ ਧਿਆਨ ਦੇਣਾ ਅਤੇ ਨਿੱਤ ਨਵੀਆਂ ਸ਼ਰਾਰਤਾਂ ਸੋਚਣਾ ਆਦਿ ਫ਼ੈਸ਼ਨ ਸਮਝਦੇ ਹਨ।ਇਸ ਲਈ ਹਰ ਨਵੇਂ ਸੁਰਜ ਵਿਦਿਆਰਥੀਆਂ ਵਿੱਚ ਅਨੁਸ਼ਾਸਨਹੀਣਤਾ ਵਧਦੀ ਜਾ ਰਹੀ ਹੈ। ਪਤਾ ਨਹੀਂ ਜਿਸ ਅਨੁਸ਼ਾਸਨਹੀਣਤਾ ਦਾ ਕੀ ਅੰਤ ਹੋਏਗਾ ਕਿਸੇ ਵਿਦਵਾਨ ਦਾ ਅਜੋਕੇ ਵਿਦਿਆਰਥੀਆਂ ਨੂੰ ਬਿਨ ਸਿਰਨਾਵਿਉਂ ਚਿੱਠੀਆਂ’ਕਹਿਣਾ ਬਹੁਤ ਹੱਦ-ਤੱਕ ਠੀਕ ਹੈ, ਕਿਉਂਕਿ ਕੁਝ ਪਤਾ ਨਹੀਂ ਲੱਗਦਾ ਕਿ ਇਹ ਅਨੁਸ਼ਾਸਨਹੀਣ ਵਿਦਿਆਰਥੀ ਕਿਧਰ ਜਾ ਰਹੇ ਹਨ।
ਕੌਣ ਨਹੀਂ ਜਾਣਦਾ ਕਿ ਵਾਸਤਵ ਵਿਚ ਵਿਦਿਆਰਥੀ ਹੀ ਸਮਾਜ ਦਾ ਭਵਿੱਖ ਹੁੰਦਾ ਹੈ? ਇਨਾਂ ਵਿਦਿਆਰਥੀਆਂ ਨੇ ਹੀ ਕੱਲ੍ਹ ਦੇ ਸਮਾਜ ਦੀ ਵਾਗ-ਡੋਰ ਆਪਣੇ ਹੱਥਾਂ ਵਿੱਚ ਲੈਣੀ ਹੈ। ਹਰ ਕੌਮ ਦੇ ਵਿਦਿਆਰਥੀ ਉਸ ਦੀ ਕੀਮਤੀ ਸੰਪਤੀ ਹੁੰਦੇ ਹਨ। ਕੀ ਸਾਡੇ ਅਨੁਸ਼ਾਸਨਹੀਣ ਵਿਦਿਆਰਥੀ ਸਮਾਜ ਦਾ ਅਨੁਸ਼ਾਸਨ ਰੱਖਣ ਵਿੱਚ ਸਫ਼ਲ ਹੋ ਸਕਣਗੇ? ਜੇ ਇਹੋ ਹਾਲ ਰਿਹਾ ਤਾਂ ਭਾਰਤ ਦੇ ਭਵਿੱਖ ਬਾਰੇ ਕੋਈ ਨਿਸ਼ਚਿਤ ਨਿਰਨਾ ਨਹੀਂ ਦਿੱਤਾ ਜਾ ਸਕਦਾ।ਸਮੇਂ ਦੀ ਮੰਗ ਹੈ ਕਿ ਵਿਦਿਆਰਥੀਆਂ ਦੀ ਅਨੁਸ਼ਾਸਨਹੀਣਤਾ ਦੇ ਕਾਰਨਾਂ ਨੂੰ ਸਮਝਿਆ ਜਾਏ ਤੇ ਇਸ ਨੂੰ ਖ਼ਤਮ ਕਰਨ ਦੇ ਉਪਰਾਲੇ ਕੀਤੇ ਜਾਣ।
ਵਿਦਿਆਰਥੀ ਵਿੱਚ ਅਨੁਸ਼ਾਸਨਹੀਣਤਾ ਦਾ ਪ੍ਰਮੁੱਖ ਕਾਰਨ ਇਨ੍ਹਾਂ ਦਾ ਅਨਿਸ਼ਚਿਤ ਭਵਿੱਖ’ ਕਿਹਾ ਜਾ ਸਕਦਾ ਹੈ। ਅੱਜ ਇਹ ਵੇਖਦੇ ਹਨ ਕਿ ਇਨ੍ਹਾਂ ਦੇ ਵੱਡੇ ਭਰਾ, ਮਿੱਤਰ ਤੇ ਚਾਚੇ ਅਦਿ ਵੱਡੀਆਂਵੱਡੀਆਂ ਡਿਗਰੀਆਂ ਪ੍ਰਾਪਤ ਕਰ ਕੇ ਵੀ ਵਿਹਲੇ ਬੈਠੇ ਹਨ।ਉਹ ਨੌਕਰੀ-ਪ੍ਰਾਪਤੀ ਲਈ ਥਾਂ-ਥਾਂ ਭਟਕਦੇ ਹਨ, ਪਰ ਕੋਈ ਗੱਲ ਨਹੀਂ ਬਣਦੀ।ਉਹ ਜਾਣਦੇ ਹਨ ਕਿ ਨੌਕਰੀਆਂ ਤਾਂ ਕੇਵਲ ਉਨ੍ਹਾਂ ਨੂੰ ਮਿਲਦੀਆਂ ਹਨ ਜਿਹੜੇ ਜਾਂ ਤਾਂ ਬਹੁਤ ਲਾਇਕ ਹਨ ਜਾਂ ਫਿਰ ਵਜ਼ੀਰਾਂ ਦੇ ਸਿਫ਼ਾਰਸ਼ੀ ਹਨ।ਇਸ ਤਰ੍ਹਾਂ ਇਨ੍ਹਾਂ ਦੇ ਮਨ ਵਿੱਚ ਵਿਚਾਰ ਬੈਠ ਜਾਂਦਾ ਹੈ ਕਿ ਇਹ ਐੱਮ.ਏ. ਜਾਂ ਬੀ.ਏ. ਜਾਂ ਕੋਈ ਹੋਰ ਡਿਗਰੀ ਪਾਸ ਕਰ ਕੇ ਵੀ ਨੌਕਰੀ ਪ੍ਰਾਪਤ ਨਹੀਂ ਕਰ ਸਕਣਗੇ ਆਪਣੇ ਭਵਿੱਖ ਵੱਲੋਂ ਅਸੰਤੁਸ਼ਟ ਵਿਦਿਆਰਥੀ ਆਪਣੀ ਸ਼ਕਤੀ ਉਸਾਰੂ ਦੀ ਥਾਂ ਤੇ ਢਾਹੂ ਪਾਸੇ ਲਾ ਦਿੰਦੇ ਹਨ।
ਸਾਡਾ ਅਜੋਕਾ ਸਮਾਜਕ ਪ੍ਰਬੰਧ ਵੀ ਬਹੁਤ ਹੱਦ ਤੱਕ ਵਿਦਿਆਰਥੀਆਂ ਅਨੁਸ਼ਾਸਨਹੀਣਤਾ ਜ਼ਿੰਮੇਵਾਰ ਹੈ ਸਭ ਤੋਂ ਪਹਿਲਾਂ ਤਾਂ ਮਾਪੇ ਜ਼ਿੰਮੇਵਾਰ ਹਨ ਜਿਨ੍ਹਾਂ ਦਾ ਆਪਣੇ ਬੱਚਿਆਂ ਤੇ ਕੋਈ ਕੰਟਰੋਲ ਨਹੀਂ । ਦੁਜੇ, ਉਹ ਨੇਤਾ ਜ਼ਿੰਮੇਵਾਰ ਹਨ ਜਿਹੜੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਹੜਤਾਲਾਂ ਕਰਦੇ,ਜਲੂਸ ਕੱਢਦੇ ਅਤੇ ਨਾਅਰੇ ਲਾਉਂਦੇ ਹਨ। ਅਜੋਕਾ ਵਿਦਿਆਰਥੀ ਵੀ ਇਨ੍ਹਾਂ ਵੱਡੇ-ਵਡੇਰਿਆਂ ਦੇ ਪੂਰਨਿਆਂ ‘ਤੇ ਚੱਲਣ ਲੱਗ ਪਿਆ ਹੈ। ਇਹ ਹਰ ਮੰਗ ਮੰਨਵਾਉਣ ਲਈ ਹੜਤਾਲਾਂ ਤੇ ਜਲੂਸਾਂ ਲਈ ਤਿਆਰ ਹੋ ਜਾਂਦਾ ਹੈ। ਦੁੱਖ ਦੀ ਗੱਲ ਤਾਂ ਇਹ ਵੀ ਹੈ ਕਿ ਸਾਡੀ ਸਰਕਾਰ ਜਾਂ ਸਮਾਜਕ ਅਧਿਕਾਰੀ ਅਜਿਹੇ ਹਨ ਜਿਹੜੇ ਹੜਤਾਲਾਂ ਜਾਂ ਜਲੂਸਾਂ ਤੋਂ ਬਿਨਾਂ ਕੋਈ ਗੱਲ ਸੁਣਦੇ ਹੀ ਨਹੀਂ।
ਕਈ ਲੋਕ ਅਧਿਆਪਕਾਂ ਨੂੰ ਇਸ ਪੱਖੋਂ ਦੋਸ਼ੀ ਠਹਿਰਾਉਂਦੇ ਹਨ ਕਿ ਉਹ ਵਿਦਿਆਰਥੀਆਂ ਵਿੱਚ ਵੱਧ ਰਹੀਂ ਅਨੁਸ਼ਾਸਨਹੀਣਤਾ ਨੂੰ ਰੋਕਣੋਂ ਅਸਮਰਥ ਸਿੱਧ ਹੋਏ ਹਨ। ਪਰ ਇਸ ਵਿੱਚ ਅਧਿਆਪਕਾਂ ਦੀ ਕੀ ਪੇਸ਼ ਜਾ ਸਕਦੀ ਹੈ ? ਪਹਿਲੀ ਗੱਲ ਤਾਂ ਇਹ ਹੈ ਕਿ ਅੱਜ ਅਧਿਆਪਕ ਦੀ ਇੱਜ਼ਤ ਉਹ ਨਹੀਂ ਰਹੀ ਜੋ ਕਦੇ ਹੁੰਦੀ ਸੀ। ਅੱਜ ਤਾਂ ਅਧਿਆਪਕ ਨੂੰ ਵੀ ਇਕ ਨੌਕਰ ਤੋਂ ਵੱਧ ਕੁਝ ਨਹੀਂ ਸਮਝਿਆ ਜਾਂਦਾ। ਉਹ ਵਿਦਿਆਰਥੀ ਅਧਿਆਪਕ ਦਾ ਆਦਰ ਕੀ ਕਰ ਸਕਦੇ ਹਨ ਜਿਹੜੇ ਸੋਚਦੇ ਹਨ. “ਫੀਸ ਦੇ ਕੇ ਪੜ੍ਹਦੇ ਅਧਿਆਪਕ ਮੁਫ਼ਤ ਥੋੜ੍ਹਾ ਪੜ੍ਹਾਉਂਦੇ ਨੇ ? ਨਾਲੇ ਜਿਉਂ ਜਿਉਂ ਵਸੋਂ ਵਿੱਚ ਵਾਧਾ ਹੁੰਦਾ ਜਾਂਦਾ ਹੈ। ਅਧਿਆਪਨ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਦੀ ਜਾਂਦੀ ਹੈ।ਇਸ ਵਧਦੀ ਹੋਈ ਗਿਣਤੀ ਦੇ ਫਲ-ਸਰੂਪ ਅਧਿਆਪਕ ਅਤੇ ਵਿਦਿਆਰਥੀ ਵਿੱਚ ਦੂਰੀ ਵਧ ਰਹੀ ਹੈ।ਅਧਿਆਪਕਾਂ ਭਾਣੇ ਵਿਦਿਆਰਥੀ ਨਿਰੇ ਰੋਲ ਨੰਬਰ ਹੀ ਹਨ।ਦੂਰੀ ਹੋਣ ਨਾਲ ਇਹ ਇਕ-ਦੂਜੇ ਦੀਆਂ ਸਮੱਸਿਆਵਾਂ ਸਮਝਣੋਂ ਅਸਮਰਥ ਹੋ ਰਹੇ ਹਨ। ਇਸ ਤਰ੍ਹਾਂ ਗ਼ਲਤ-ਫਹਿਮੀਆਂ ਵਧ ਰਹੀਆਂ ਹਨ ਅਤੇ ਗੜਬੜੀ ਫੈਲ ਰਹੀਆਂ ਹਨ।
ਅੱਜ ਵਿਗਿਆਨ ਦਾ ਯੁੱਗ ਹੈ ਜਿਸ ਵਿੱਚ ਗਿਆਨ ਦਾ ਚਾਨਣ ਚਾਰ-ਚੁਫੇਰੇ ਫੈਲ ਰਿਹਾ ਹੈ।ਇਸ ਦੇ ਨਾਲ ਹੀ ਭਾਰਤ ਵਿੱਚ ਲੋਕਰਾਜ ਜਨਤਾ ਨੂੰ ਆਪਣੇ ਹੱਕਾਂ ਦੀ ਸੋਝੀ ਕਰਵਾ ਰਿਹਾ ਹੈ, ਪਰ ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਵਿਦਿਆਰਥੀ ਇਸ ਲੋਕਰਾਜ ਦੀ ਅਯੋਗ ਵਰਤੋਂ ਕਰ ਰਹੇ ਹਨ ਜਦ ਕਦੇ ਕੋਈ ਅਧਿਆਪਕ ਕਿਸੇ ਵਿਦਿਆਰਥੀ ਨੂੰ ਸ਼ਰਾਰਤ ਬਦਲੇ ਮਾਮੂਲੀ ਝਿੜਕ ਦੇਂਦਾ ਹੈ ਜਾਂ ਜੁਰਮਾਨਾ ਕਰਦਾ ਹੈ ਤਾਂ ਵਿਦਿਆਰਥੀ ਆਪਣੀ ਬਹੁ-ਸੰਮਤੀ ਵਿਖਾਉਣ ਲਈ ਇਕੱਠੇ ਹੋ ਜਾਂਦੇ ਹਨ ਅਤੇ ਇਨ੍ਹਾਂ ਮਾਮੂਲੀ ਸਜ਼ਾਵਾਂ ਦਾ ਵਿਰੋਧ ਕਰਦੇ ਹਨ।ਜੇ ਬਹੁ-ਸੰਮਤੀ ਵਾਲੀ ਗੱਲ ਹੀ ਠੀਕ ਸਮਝੀ ਜਾਣੀ ਹੈ ਤਾਂ ਕਿਸੇ ਦਿਨ ਵਿਦਿਆਰਥੀ ਇਹ ਵੀ ਆਖ ਸਕਦੇ ਹਨ ਕਿ ਨੰਬਰ ਸਾਡੀ ਮਰਜ਼ੀ ਅਨੁਸਾਰ ਲੱਗਣ, ਕੋਈ ਫ਼ੇਲ੍ਹ ਨਾ ਹੋਏ ਅਤੇ ਕਿਸੇ ਕਿਸਮ ਦੀ ਕੋਈ ਪੁੱਛ ਪ੍ਰਤੀਤ ਨਾ ਹੋਏ ਆਦਿ।
ਅਜੋਕੇ ਲੋਕ-ਰਾਜ ਵਿੱਚ ਨਿੱਤ ਨਵੀਆਂ ਰਾਜਸੀ ਪਾਰਟੀਆਂ ਸਿਰ ਕੱਢਦੀਆਂ ਹਨ।ਇਹ ਆਪਣੇ ਪੈਰ ਪੱਕੇ ਕਰਨ ਲਈ ਵਿਦਿਆਰਥੀ-ਜਗਤ ਦੀ ਵਰਤੋਂ ਕਰਦੀਆਂ ਹਨ। ਇਨ੍ਹਾਂ ਰਾਹੀਂ ਹੜਤਾਲਾਂ ਕਰਵਾਉਂਦੀਆਂ, ਜਲੂਸ ਕਢਵਾਉਂਦੀਆਂ, ਅੱਗਾਂ ਲਵਾਉਂਦੀਆਂ ਅਤੇ ਹੋਰ ਕੋਈ ਭੰਨ-ਤੋੜ ਦੇ ਕੰਮ ਕਰਵਾਉਂਦੀਆਂ ਹਨ। ਇਹ ਗੱਲ ਸੌਵਿਸਵੇ ਠੀਕ ਹੈ ਕਿ ਜੁਆਨੀ ਦੀ ਉਮਰ ਹੀ ਅਜਿਹੀ ਹੁੰਦੀ ਹੈ ਜਿਸ ਵਿੱਚ ਇਨ੍ਹਾਂ ਨੂੰ ਜਿੱਧਰ ਕੋਈ ਚਾਹੇ ਲਾ ਸਕਦਾ ਹੈ।ਇਸ ਲਈ, ਰਾਜਨੀਤਕ ਪਾਰਟੀਆਂ ਇਸ ਗੱਲ ਦਾ ਚੰਗਾ ਲਾਭ ਪ੍ਰਾਪਤ ਕਰ ਰਹੀਆਂ ਹਨ।
ਸਮਾਜ ਵਿੱਚ ਅਨੁਸ਼ਾਸਨ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਹੋਇਆਂ ਸਾਡੀ ਸਰਕਾਰ ਦਾ ਮਹੱਤਵਪੂਰਨ ਕਰੱਤਵ ਹੈ ਕਿ ਸਮਾਜ ਵਿੱਚ ਕੋਈ ਪੜਿਆ-ਲਿਖਿਆ ਬੇਰੋਜ਼ਗਾਰ ਨਾ ਰਹੇ।ਇਸ ਤਰ੍ਹਾਂ ਸ਼ਾਂਤੀ ਬਣੀ ਰਹਿ ਸਕਦੀ ਹੈ (ਸ਼ਾਂਤੀ-ਪੂਰਵਕ ਅਨੁਸ਼ਾਸਤ ਜੀਵਨ ਬਤੀਤ ਕਰਨ ਵਾਲਾ ਸਮਾਜ ਹੀ ਉੱਨਤੀ ਦੇ ਸਿਖਰ ‘ਤੇ ਪੁੱਜ ਸਕਦਾ ਹੈ।
ਦੂਜੇ, ਵਿਦਿਆਰਥੀ ਦੀ ਅਜੋਕੀ ਰੁਚੀ ਨੂੰ ਅਜੋਕੇ ਵਾਤਾਵਰਨ ਵਿੱਚ ਰੱਖ ਕੇ ਸਮਜਣ ਦੀ ਲੋੜ ਹੈ; ਇਨ੍ਹਾਂ ਦੀਆਂ ਮੰਗਾਂ ਵੱਲ ਪੂਰਾ ਧਿਆਨ ਦੇਣ ਦੀ ਜ਼ਰੂਰਤ ਹੈ। ਤੀਜੇ, ਸਬੰਧਤ ਅਧਿਕਾਰੀਆਂ ਦਾ ਰਵੱਈਆ ਨਰਮ ਹੋਣਾ ਚਾਹੀਦਾ ਹੈ।ਉਨ੍ਹਾਂ ਨੂੰ ਕਿਸੇ ਗੱਲ ਤੇ ਖ਼ਾਹ-ਮਖ਼ਾਹ ਨਹੀਂ ਅੜ ਜਾਣਾ ਚਾਹੀਦਾ। ਚੌਥੇ, ਵਿਦਿਆਰਥੀਆਂ ਦੀਆਂ ਮੰਗਾਂ ਮੁੱਖ ਅਧਿਆਪਕ ਤਕ ਪਹੁੰਚਾਉਣ ਲਈ ‘ਵਿਦਿਆਰਥੀਅਧਿਆਪਕ ਸੰਗਠਨ’ ਹੋਣੇ ਚਾਹੀਦੇ ਹਨ ਤਾਨਾਸ਼ਾਹੀ ਨਾਲ ਇਹ ਮੌਤ ਨੂੰ ਮਖੌਲਾਂ ਕਰਨ ਵਾਲਾ ਵਰਗ ਕਾਬੂ ਨਹੀਂ ਆ ਸਕਦਾ।ਆਪੋ ਵਿਚ ਵਿਚਾਰ-ਵਟਾਂਦਰੇ ਨਾਲ ਹੀ ਕੰਮ ਬਣ ਸਕਦਾ ਹੈ। ਪੰਜਵੇਂ, ਵੱਧਦੀ ਹੋਈ ਅਬਾਦੀ ਅਤੇ ਤਰੁੱਟੀਆਂ-ਭਰੀ ਵਿਦਿਆ-ਪ੍ਰਣਾਲੀ ਵੱਲ ਵੀ ਖ਼ਾਸ ਧਿਆਨ ਦੇਣਾ ਚਾਹੀਦਾ ਹੈ ਤਾਂ ਜੋਹਰ ਨੌਜੁਆਨ ਆਪਣੇ ਭਵਿੱਖ ਨੂੰ ਕੋਈ ਨਿਸ਼ਚਿਤ ਸੇਧ ਦੇ ਸਕੇ ਛੇਵੇਂ, ਵਿਦਿਆਰਥੀ ਨੂੰ ਆਪਣੇ ਹੱਕਾਂ ਦੇ ਨਾਲ ਨਾਲ ਕਰਤੱਵਾਂ ਨੂੰ ਵੀ ਪਛਾਣਨਾ ਚਾਹੀਦਾ ਹੈ। ਸਮਾਜ ਵਿੱਚ ਅਮਨ-ਸ਼ਾਂਤੀ ਕਾਇਮ ਰੱਖਣ ਲਈ ਇਨ੍ਹਾਂ ਦਾ ਫ਼ਰਜ਼ ਹੈ ਕਿ ਇਹ ਆਪਣੀਆਂ ਮੰਗਾਂ ਨੂੰ ਠੀਕ ਅਧਿਕਾਰੀਆਂ ਤੱਕ ਪਹੁੰਚਾਉਣ ਅਤੇ ਪੂਰੇ ਵਿਚਾਰ-ਵਟਾਂਦਰੇ ਤੋਂ ਬਾਅਦ ਹੜਤਾਲ ਆਦਿ ਕਰਨ ਦਾ ਫ਼ੈਸਲਾ ਕਰਨ, ਆਪਣੀ ਸ਼ਕਤੀ ਨੂੰ, ਕਿਸੇ ਦੇ ਹਥਾਂ ਵਿੱਚ ਖੇਡ ਕੇ, ਵਾਹੁ ਪਾਸੇ ਵੱਲ ਲਾ ਕੇ ਨਸ਼ਟ ਨਾ ਕਰਨ, ਹਰ ਗੱਲ ਵਿੱਚ ਆਪਣੇ ਅਧਿਆਪਕਾਂ ਨੂੰ ਸਹਿਯੋਗ ਦੇਣ ਅਤੇ ਉਨਾਂ ਦਾ ਵੱਧ ਤੋਂ ਵੱਧ ਆਦਰ ਕਰਨ। ਅਨੁਸ਼ਾਸਨ ਦਾ ਤਾਂ ਅਰਥ ਇਹ ਹੈ-ਬਿਨਾਂ ਕਿਸੇ ਹੀਲ-ਹੁੱਜਤ ਦੇ ਹੁਕਮ ਵਿੱਚ ਬੱਝਿਆ ਰਹਿਣਾ।ਅਨੁਸ਼ਾਸਿਤ ਵਿਦਿਆਰਥੀ ਹੀ ਦੇਸ ਦਾ ਸ਼ਾਨਦਾਰ ਭਵਿੱਖ ਬਣਾ ਸਕਦੇ ਹਨ।