ਪੰਜਾਬ ਦੇ ਲੋਕ–ਗੀਤ
Punjab De Lok Geet
ਲੋਕ–ਸਾਹਿਤ ਤੋਂ ਭਾਵ ਸਮੁੱਚੀ ਕੌਮ ਜਾਂ ਸਮੁੱਚੀ ਮਨੁੱਖਤਾ ਦੇ ਸਾਹਿਤ ਤੋਂ ਹੈ ਜਿਵੇਂ ਕਿ ਲੋਕਕਹਾਣੀਆਂ, ਲੋਕ-ਕਥਾਵਾਂ, ਲੋਕ-ਨਾਟ, ਮੁਹਾਵਰੇ, ਅਖਾਣ ਅਤੇ ਲੋਕ-ਗੀਤ ਆਦਿ ।ਇਸ ਸਾਹਿਤ ਵਿੱਚ ਸਭ ਤੋਂ ਵਧੇਰੇ ਗਿਣਤੀ ਲੋਕ-ਗੀਤਾਂ ਦੀ ਹੁੰਦੀ ਹੈ ਕਿਉਂਕਿ ਇਹ ਅਚੇਤ ਮਨ ਦਾ ਆਪ-ਮੁਹਾਰਾ ਸੰਗੀਤਕ ਪ੍ਰਗਟਾਵਾ ਹੁੰਦੇ ਹਨ।
ਇਸ ਗੱਲ ਨਾਲ ਹਰ ਕੋਈ ਸਹਿਮਤ ਹੈ ਕਿ ਸਾਹਿਤ ਵਿੱਚ ਸਭ ਤੋਂ ਪਹਿਲਾਂ ਕਵਿਤਾ ਨੇ ਜਨਮ ਲਿਆ ਅਤੇ ਕਵਿਤਾ ਦੇ ਮਹਿਲ ਦੀਆਂ ਨੀਹਾਂ ਨੂੰ ਲੋਕ-ਗੀਤਾਂ ਨੇ ਭਰਿਆ।ਇਹ ਗੀਤ ਲਿਪੀ-ਬੱਧ ਹੋਣ ਤੋਂ ਢੇਰ ਚਿਰ ਪਹਿਲਾਂ ਹੋਂਦ ਵਿੱਚ ਆਏ। ਦੇਵਿੰਦਰ ਸਤਿਆਰਥੀ ਆਪਣੀ ਪੁਸਤਕ ‘ਦੀਵਾ ਬਲੇ ਸਾਰੀ ਰਾਤ ਵਿੱਚ ਲਿਖਦੇ ਹਨ-“ਸਾਡੇ ਪੇਂਡੂ ਗੀਤ ਸਾਡੇ ਸਾਹਿਤ-ਮਹਿਲ ਦੀ ਨੀਂਹ ਦੇ ਪੱਥਰ ਹਨ ਲੱਖਾਂ ਨਹੀਂ, ਕਰੋੜਾਂ ਪੇਂਡੂ ਗੀਤ ਸਾਡੇ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਬਣੇ ਹਨ। ਇਨ੍ਹਾਂ ਹਜ਼ਾਰਾਂ ਸਾਲਾਂ ਵਿੱਚ ਕਈ ਸੱਭਿਅਤਾਵਾਂ ਤੇ ਕਈ ਬੋਲੀਆਂ ਬਦਲੀਆਂ, ਪਰ ਮਨੁੱਖੀ ਦਿਲ ਦੇ ਮੁੱਢਲੇ ਵਲਵਲੇ ਲਗਪਗ ਉਹੀ ਰਹੇ।ਜਿਹੜੇ ਲੋਕ-ਗੀਤ ਪੰਜਾਬੀ ਸਾਹਿਤ ਦੀਆਂ ਨੀਹਾਂ ਅਖਵਾਉਂਦੇ ਹਨ, ਉਹ ਉਸ ਬੋਲੀ ਵਿੱਚ ਹਨ ਜਿਸ ਨੂੰ ਪਹਿਲੀ ਵਾਰ ਪੂਰੇ ਰੂਪ ਵਿੱਚ ਪੰਜਾਬੀ ਦੇ ਲਿਖਤੀ ਸਾਹਿਤ ਵਿੱਚ ਬਾਬਾ ਫ਼ਰੀਦ ਜੀ ਨੇ ਆਪਣੀ ਬਾਣੀ ਵਿੱਚ ਅਪਣਾਇਆ।
ਲੋਕ-ਗੀਤਾਂ ਦਾ ਇਤਿਹਾਸ ਮਨੁੱਖਤਾ ਜਿੰਨਾ ਪੁਰਾਣਾ ਹੈ। ਪਹਿਲਾਂ ਪਹਿਲ ਮਨੁੱਖਤਾ ਵਿੱਚ ਏਕਤਾ ਲਿਆਉਣ ਲਈ, ਫਿਰ ਕਿਸੇ ਭਾਰੇ ਕੰਮ ਨੂੰ ਕਰਨ ਲਈ ਲੋੜੀਂਦਾ ਉਤਸ਼ਾਹ ਪੈਦਾ ਕਰਨ ਲਈ ਜਾਂ ਥਕੇਵੇਂ ਨੂੰ ਦੂਰ ਕਰਨ ਲਈ ਗੀਤਾਂ ਨੇ ਜਨਮ ਲਿਆ। ਜਾਗੀਰਦਾਰੀ ਪ੍ਰਬੰਧ ਵਿੱਚ ਗੀਤਾਂ ਨੇ ਭਾਈਚਾਰਕ, ਸਦਾਚਾਰਕ ਤੇ ਰੁਮਾਂਸਵਾਦੀ ਸਮੱਸਿਆਵਾਂ ਨੂੰ ਨਿਰੂਪਣ ਕੀਤਾ ਅਤੇ ਸਮਾਜਕ ਕੁਰੀਤੀਆਂ ਦੀ ਜ਼ਿੰਮੇਵਾਰੀ ਘਟੀਆ ਰਾਜ-ਪ੍ਰਬੰਧ ਦੀ ਥਾਂ ਕੁੱਝ ਚੰਗੇ ਵਿਅਕਤੀਆਂ ‘ਤੇ ਠੋਸੀ।ਉਪਰੰਤ ਪੂੰਜੀਵਾਦੀ ਕਦਰਾਂ-ਕੀਮਤਾਂ ਦੇ ਪ੍ਰਵੇਸ਼ ਨਾਲ ਆਰਥਕ ਤੇ ਰਾਜਨੀਤਕ ਸਮੱਸਿਆਵਾਂ ਲੋਕ-ਗੀਤਾਂ ਵਿੱਚ ਉਘੜ ਕੇ ਆਉਣੀਆਂ ਅਰੰਭ ਹੋ ਗਈਆਂ।
- ਬੋਹਲ ਸਾਰਾ ਵੇਚ ਘੱਤਿਆ, ਛੱਲਾਂ ਪੰਦਰਾਂ ਜੱਟ ਨੂੰ ਥਿਆਈਆਂ।
- ਕਾਂਗਰਸ ਕਿਉਂ ਭੈੜੀ, ਜਿਹੜੀ ਜਾਂਦੀ, ਜਾਂਦੀ ਕੂਕੇ ।
ਲੋਕ-ਗੀਤ ਜਿਵੇਂ ਕਿ ਸ਼ਬਦ ‘ਲੋਕ’ ਤੋਂ ਸਪੱਸ਼ਟ ਹੈ, ਲੋਕਾਂ ਦੀ ਕਿਰਤ ਹੁੰਦੇ ਹਨ ਨਾ ਕਿ ਕਿਸੇ ਇੱਕ ਕਵੀ ਦੀ। ਇਨ੍ਹਾਂ ਨੂੰ ਅਸੀਂ ਸਮੁੱਚੀ ਮਨੁੱਖਤਾ ਦੀ ਅਵਾਜ਼ ਕਹਿ ਸਕਦੇ ਹਾਂ ਕਿਉਂਕਿ ਇਨ੍ਹਾਂ ਵਿੱਚੋਂ ਇਕੋ ਨਬਜ਼ ਬੋਲਦੀ ਤੇ ਇਕੋ ਸਾਂਝਾ ਦਿਲ ਧੜਕਦਾ ਹੈ। ਥਾਂ ਥਾਂ ਦੇ ਲੋਕ-ਗੀਤਾਂ ਦਾ ਆਪਸ ਵਿੱਚ ਟਾਕਰਾ ਕਰਨ ਤੋਂ ਪਤਾ ਲੱਗਦਾ ਹੈ ਕਿ ਮਾਂ ਦੀ ਲੋਰੀ, ਭੈਣ ਦੀਆਂ ਰੀਝਾਂ, ਮੁਟਿਆਰ ਦੇ ਪਿਆਰ ਤੇ ਗੱਭਰੂਆਂ ਦੇ ਜਜ਼ਬ ਵੱਖ-ਵੱਖ ਸਥਾਨਕ ਰੰਗਣ ਵਿੱਚ ਇਕੋ ਹੀ ਧੜਕਣ ਦੀ ਅਵਾਜ਼ ਹਨ।ਇਸ ਲਈ, ਸਰਬ-ਸੰਸਾਰ ਦੇ ਲੋਕ-ਗੀਤ “ਮਾਨਸ ਦੀ ਜੀਭ ਸਭੈ ਏਕੋ ਪਹਿਚਾਨਬੋ’ ਦੇ ਮਹਾਂ-ਵਾਕ ਦੇ ਅਨੁਸਾਰੀ ਹੁੰਦੇ ਹਨ।
ਕਿਸੇ ਕੌਮ ਦੀ ਸੱਭਿਅਤਾ ਤੇ ਸੱਭਿਆਚਾਰ ਦੀ ਸਹੀ ਤਸਵੀਰ ਵੇਖਣ ਲਈ ਉਸ ਦੇ ਲੋਕ-ਗੀਤਾਂ ਦੇ ਖ਼ਜ਼ਾਨੇ ਨੂੰ ਖੋਜਣਾ ਅਤੀ ਅਵੱਸ਼ਕ ਹੁੰਦਾ ਹੈ ਕਿਉਂਕਿ ਲੋਕ-ਗੀਤਾਂ ਵਿੱਚ ਜਨਤਾ ਦੇ ਕੁਦਰਤੀ ਸਕਾ ਦਾ ਪ੍ਰਤੀਬਿੰਬ ਹੁੰਦਾ ਹੈ, ਉਦਾਹਰਨ ਵਜੋਂ:
- ਤੇਰਾ ਲੱਗੇ ਨਾ ਲਾਮ ਵਿੱਚ ਨਾਵਾਂ, ਬਿਨ ਮੁਕਲਾਈ ਛੱਡ ਤੁਰਿਉਂ।
- ਤੈਨੂੰ ਫੇਰ ਜਵਾਨੀ ਆਵੇ, ਸੱਸੇ ਨੀ ਤੂੰ ਸੁੱਖ ਬੱਕਰਾ।
- ਅੱਜ ਕੱਲ੍ਹ ਦੇ ਬਾਬੂਆਂ ਦੇ, ਚਿੱਟੇ ਕੱਪੜੇ ਤੇ ਖੀਸੇ ਖ਼ਾਲੀ।
ਲੋਕ–ਗੀਤਾਂ ਦੇ ਅਖੁੱਟ ਖ਼ਜ਼ਾਨੇ ਤੇ ਝਾਤ ਮਾਰਿਆਂ ਇਵੇਂ ਮਾਲੂਮ ਹੁੰਦਾ ਹੈ ਜਿਵੇਂ ਕਿ ਪਿਆਰ ਦਾ ਠਾਠਾਂ ਮਾਰਦਾ ਦਰਿਆਵਹਿ ਰਿਹਾ ਹੋਏ।ਇਹ ਪਿਆਰ ਕਿਧਰੇ ਪੇਮੀ-ਪ੍ਰੇਮਕਾ, ਕਿਧਰੇ ਭੈਣ-ਬਰਾ, ਕਿਧਰੇ ਦੇਸ਼-ਪਿਆਰ ਅਤੇ ਕਿਧਰੇ ਰੱਬੀ ਪਿਆਰ ਦੇ ਰੂਪ ਵਿੱਚ ਦ੍ਰਿਸ਼ਟੀਗੋਚਰ ਹੁੰਦਾ ਹੈ। ਸੋਨੇ ਤੇ ਸੁਹਾਗੇ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਪਿਆਰ-ਭਰਿਆ ਗੀਤਾਂ ਨੂੰ ਮਰਦਾਂ ਨਾਲੋਂ ਵਧੇਰੇ ਇਸਤਰੀਆਂ ਨੇ ਗਾਇਆ ਹੈ। ਅਤੇ ਕੰਜਕਾਂ ਨਾਲੋਂ ਵਧੇਰੇ ਬੁੱਢੀਆਂ ਨੇ ਪ੍ਰਗਟਾਇਆ ਹੈ:
- ਕਿਤੇ ਮਿਲੀਂ ਵੇ ਭੂਆ ਦਾ ਪੁੱਤ ਬਣ ਕੇ, ਮੇਲੇ ਮੁਕਸਰ ਦੇ।
- ਸੱਸੇ ਤੇਰੀ ਮਹਿੰ ਮਰ ਜਾਏ, ਮੇਰੇ ਵੀਰ ਨੂੰ ਜ਼ਿੰਦਾ ਨਾ ਪਾਇਆ।
- ਸਿੰਘ ਲੜਦੇ ਵੈਰੀ ਤੇ ਹੱਲੇ ਕਰਦੇ, ਪੈਂਤੜੇ ਬੰਨ੍ਹ ਬੰਨ੍ਹ ਕੇ।
- ਰੱਬ ਮਿਲਦਾ ਗਰੀਬੀ ਦਾਵੇ, ਦੁਨੀਆ ਮਾਣ ਕਰਦੀ।
ਆਪ-ਮੁਹਾਰਾਪਨ ਤੇ ਕੁਦਰਤੀਪਨ ਲੋਕ-ਗੀਤਾਂ ਦੇ ਮੀਰੀ ਗੁਣ ਹੁੰਦੇ ਹਨ।ਇਹ ਆਪਣੇ ਆਪ ਹੀ ਮੂੰਹ ‘ਤੇ ਚੜ੍ਹਦੇ ਤੇ ਲਹਿੰਦੇ ਜਾਂਦੇ ਹਨ ਅਤੇ ਇਕ-ਦੋ ਵਾਰੀ ਪੜਨ ਨਾਲ ਚੇਤੇ ਹੋ ਜਾਂਦੇ ਹਨ।ਇਹ ਤਾਂ ਮਸਤੀ ਦੀ ਅਵੱਸਥਾ ਵਿੱਚ ਆ ਕੇ ਬੋਲੇ ਗਏ ਦਿਲੀ ਬੋਲ ਹੁੰਦੇ ਹਨ।ਇਹ ਤਾਂ ਦੈਵੀਨਸ਼ੇ ਵਿੱਚ ਚੂਰ ਹੋ ਕੇ ਕੀਤੀਆਂ ਗਈਆਂ ਖਰੀਆਂ-ਖਰੀਆਂ ਬਾਤਾਂ ਹੁੰਦੀਆਂ ਹਨ। ਇਨ੍ਹਾਂ ਵਿੱਚ ਸਮਾਜਕ ਰਹੁ-ਰੀਤਾਂ ਨੂੰ ਭੰਡਿਆ ਹੁੰਦਾ ਹੈ, ਰਾਜਨੀਤਕ ਅੱਤਿਆਚਾਰਾਂ ਦਾ ਭਾਂਡਾ ਚੁਰਾਹੇ ਭੰਨਿਆ ਹੁੰਦਾ ਹੈ, ਮੰਨੋ ਇਹ ਸਮਾਜ ਦੀ ਹੁ-ਬ-ਹੂ ਤਸਵੀਰ ਹੁੰਦੇ ਹਨ।ਵੇਖੋ ਕਿਵੇਂ ਪੰਜਾਬ ਦੀ ਨਾਜੋ-ਨਾਰ ਗੀਤਾਂ ਰਾਹੀਂ ਆਪਣੀ ਮੰਗਣੀ ਨੂੰ ਰੱਦ ਕਰਦੀ ਹੈ:
ਮਾਏ ਮੈਨੂੰ ਵਰ ਕੀ ਸਹੇੜਿਆ, ਪੁੱਠੇ ਤਵੇ ਤੋਂ ਕਾਲਾ।
ਆਵਣ ਕੁੜੀਆਂ ਮਾਰਨ ਮਿਹਣੇ, ਆਹ ਤੇਰਾ ਘਰ ਵਾਲਾ?
ਸੁਣ ਕੇ ਕਾਲਜਾ ਇਉਂ ਹੋ ਜਾਂਦਾ, ਜਿਉਂ ਅਹਿਰਨ ਵਿੱਚ ਵਾਲਾ।
ਰੰਗ ਦੀ ਗੋਰੀ ਲਈ, ਕੰਤ ਸਹੇੜਿਆ ਕਾਲਾ।
ਭਾਸ਼ਾ–ਵਿਗਿਆਨ ਦੀ ਦ੍ਰਿਸ਼ਟੀ ਤੋਂ ਲੋਕ-ਗੀਤਾਂ ਦੀ ਕੋਈ ਘੱਟ ਮਹੱਤਤਾ ਨਹੀਂ ਹੈ।ਇਨ੍ਹਾਂ ਵਿੱਚ ਇਲਾਕਾਈ ਬੋਲੀਆਂ ਦੇ ਸ਼ਬਦ-ਭੰਡਾਰ ਦਾ ਖ਼ਜ਼ਾਨਾ ਮਿਲਦਾ ਹੈ।ਨਾਲੇ ਬੋਲੀ ਦੇ ਵਿਕਾਸ ਦਾ ਠੀਕ ਅਨੁਮਾਨ ਲਾਉਣ ਲਈ ਇਨ੍ਹਾਂ ਲੋਕ-ਗੀਤਾਂ ਦੀ ਹੀ ਟੇਕ ਲੈਣੀ ਪੈਂਦੀ ਹੈ, ਜਿਵੇਂ ਕਿ ਅੰਗਰੇਜ਼ਾਂ ਦੇ ਆਉਣ ਨਾਲ ਸ਼ਬਦ ਫ਼ਰੰਗੀ, ਜੰਗ ਨਾਲ‘ਲਾਮ’, ‘ਬੰਦਕ’, ‘ਟੈਂਕ’, ‘ਬੰਬ’, ‘ਵਾਈ-ਜਹਾਜ਼’, ‘ਸਟੋਨਗੰਨ’ ਤੇ ‘ਡੁਬਕਣੀ-ਬੇੜੀ ਆਦਿ ਨਿੱਤ-ਵਰਤੀਦੇ ਹੋਣ ਕਰ ਕੇ ਲੋਕ-ਗੀਤਾਂ ਵਿੱਚ ਆਮ ਮਿਲਦੇ ਹਨ:
- ਸਾਡਾ ਸਬਰ ਫ਼ਰੰਗੀਆਂ ਨੂੰ ਮਾਰੇ, ਨਾ ਦਿੰਦਾ ਛੁੱਟੀਆਂ ਨਾਤਲਬਾਂ ਤਾਰੇ।
- ਉਹ ਮੇਰਾ ਮਾਹੀ ਕੁੜੀਓ,ਵਾਈ–ਜਹਾਜ਼ ਦਾ ਡਰੈਵਰ ਜਿਹੜਾ।
- ਤੇਰੀ ਬਣ ਕੇ ਡੁਬਕਣੀ ਬੇੜੀ ਵੇ ਬੇੜੇ ਡੋਬਾਂ ਵੈਰੀਆਂ ਦੇ।
ਸ਼ਬਦ–ਭੰਡਾਰ ਦੇ ਵਾਧੇ ਦੇ ਨਾਲ ਨਾਲ ਲੋਕ-ਗੀਤਾਂ ਦੁਆਰਾ ਸਾਦੇ, ਪਰ ਭਾਵ ਤੇ ਪ੍ਰਭਾਵ ਭਰਪੂਰ ਅਲੰਕਾਰ ਵਰਤ ਕੇ ਪੰਜਾਬੀ ਸਾਹਿੱਤ ਦੀ ਅਮੀਰੀ ਵਿੱਚ ਢੇਰ ਵਾਧਾ ਹੋਇਆ ਹੈ। ਕੁੱਝ ਪੱਖ ਵੇਖੋ:
ਰੂਪਕ:
1.’ਕਾਲੀ ਤਿਤਰੀ ਕਮਾਦੋਂ ਨਿਕਲੀ, ਕਿ ਉਡਦੀ ਨੂੰ‘ਬਾਜ਼ ਪੈ ਗਿਆ। (“ਕਾਲੀ ਤਿਤਲੀ ਰੂਪਕ ‘ਗਰੀਬ ਜਨਤਾ ਲਈ ਅਤੇ ‘ਬਾਜ਼’ ਰੂਪਕ ਹੈ “ਸਰਮਾਏਦਾਰਾਂ ਲਈ।
- ਸੱਤੀ ਪਈ ਦੇ ਸਟ੍ਰਾਣੇ ਰਿੱਛ ਬੰਨ੍ਹ ਕੇ, ਪੰਜ ਸੌ ਗਿਣਾ ਲਿਆ ਮਾਪਿਆਂ। (ਗਿੱਛ ਰੁਪਕ ਹੈ ਵਡੇਰੀ ਉਮਰ ਦੇ ਪਤੀ ਲਈ’)।
ਉਪਮਾ:
- ਗੋਰੀ ਨਹਾ ਕੇ ਛੱਪੜ ‘ਚੋਂ ਨਿਕਲੀ, ਸੁਲਫੇ ਦੀ ਲਾਟ ਵਰਗੀ।
- ਕੁੱਲੀ ਯਾਰ ਦੀ ‘ਸੁਰਗ ਦਾ ਬੂਟਾ`, ਅੱਗ ਲੱਗੇ ਮਹਿਲਾਂ ਨੂੰ।
ਅਤਿ–ਕਥਨੀ:
- ਤੈਨੂੰ ਵੇਖ ਕੇ ਸਬਰ ਨਾ ਆਵੇ, ਯਾਰਾ ਤੇਰਾ ਘੁੱਟ ਭਰ ਲਾਂ।
- ਸੌਂਹ ਗਊ ਦੀ ਝੂਠ ਨਾ ਬੋਲਾਂ, ਬੱਕਰੀ ਨੂੰ ਉਠ ਜੰਮਿਆ।
ਕਈ ਬੋਲੀਆਂ ਤਾਂ ਤੱਤ ਬਣੀਆਂ ਪਈਆਂ ਹਨ ਅਤੇ ਸਿੱਖਿਆ ਦਾ ਸੁਹਣਾ ਸਾਧਨ ਹਨ:
- ਰੱਬਾ! ਲੱਗ ਨਾ ਕਿਸੇ ਨੂੰ ਜਾਵੇ, ਗੁੜ ਨਾਲੋਂ ਇਸ਼ਕ ਮਿੱਠਾ।
- ਕਬਰਾਂ ਉਡੀਕਦੀਆਂ, ਜਿਉਂ ਪੁੱਤਰਾਂ ਨੂੰ ਮਾਵਾਂ।
ਲੋਕ–ਗੀਤਾਂ ਦਾ ਹਾਸ-ਰਸ ਬੜਾ ਸੁਖਾਵਾਂ, ਸੁਝਾਉ, ਸਿੱਖਿਆਦਾਇਕ ਤੇ ਰਸ-ਭਿੰਨੜਾ ਹੁੰਦਾ ਹੈ। ਪੰਜਾਬਣਾਂ ਆਮ ਤੌਰ ਤੇ ਸੱਸਾਂ-ਸਹੁਰਿਆਂ, ਦਿਓਰਾਂ-ਜੇਠਾਂ ਤੇ ਛੜਿਆਂ-ਮੁਸ਼ਟੰਡਿਆਂ ਆਦਿ ਦੀ ਨਿੰਦਿਆ ਗੀਤਾਂ ਦੁਆਰਾ ਇੰਜ ਕਰਦੀਆਂ ਹਨ ਕਿ ਉਨ੍ਹਾਂ ਵਿੱਚ ਹਾਸ-ਰਸ ਪੈਦਾ ਹੋ ਜਾਂਦਾ ਹੈ:
1.ਸੱਸੀਏ ਸੁੱਖ ਬੱਕਰਾ, ਤੈਨੂੰ ਮੁੜ ਕੇ ਜਵਾਨੀ ਆਵੇ।
2.ਕੋਰੀ ਕੋਰੀ ਕੁੰਡੀ ਵਿੱਚ ਮਿਰਚਾਂ ਕੁੱਟੀਆਂ।
ਨੂੰ ਸਹੁਰੇ ਦੀਆਂ ਅੱਖੀਆਂ ਵਿੱਚ ਪਾ ਆਈ ਆਂ।
ਇਸ ਨੂੰ ਆਮ ਨੀ ਮੈਂ ਘੁੰਡ ਦਾ ਕਲੇਸ਼ ਮੁਕਾ ਆਈ ਆਂ।
- ਦਿਓਰ ਭਾਵੇਂ ਦੁੱਧ ਪੀ ਜਾਵੇ, ਛੜੇ ਜੇਠ ਨੂੰ ਲੱਸੀ ਨਹੀਂ ਦੇਣੀ।
- ਛੜਿਆਂ ਦੇ ਦੋ ਚੱਕੀਆਂ, ਕੋਈ ਡਰਦੀ ਪੀਹਣ ਨਾ ਜਾਵੇ।
ਲੋਕ-ਗੀਤਾਂ ਦੀ ਮਹੱਤਤਾ ਬਾਰੇ ਪ੍ਰੋ: ਸੀਤਾਰਾਮ ਬਾਹਰੀ ਲਿਖਦੇ ਹਨ: “ਲੋਕ-ਗੀਤਾਂ ਦੀ ਮਹੱਤਤਾ ਉੱਨੀ ਹੀ ਉੱਚੀ ਹੈ, ਜਿੰਨੀਜਨਤਾਵਾਦ ਦੀ ਵਿਅਕਤੀ ਤਾਂ ਮਰਦੇ ਰਹਿੰਦੇ ਹਨ, ਪਰ ਜਨਤਾ ਅਮਰ ਹੈ। ਅਮਰ ਜਨਤਾ ਦੀ ਕਾਵਿਮਈ ਭਾਵਨਾ ਵੀ ਅਮਰ ਹੈ ਇਸ ਲਈ ਲੋਕ-ਗੀਤਾਂ ਨੂੰ ਲੋਕ-ਸਾਹਿੱਤ ਦਾ ਪ੍ਰਮਾਣ ਮੰਨਿਆ ਜਾ ਸਕਦਾ ਹੈ।ਜਿਹੜਾ ਸਾਹਿੱਤ ਇਨ੍ਹਾਂ ਦੇ ਅਧਾਰ ‘ਤੇ ਲਿਖਿਆ ਜਾਏਗਾ ਜਾਂ ਸਰਲਤਾ ਤੇ ਨੇਕ-ਨੀਤੀ ਦਾ ਧਾਰਨੀ ਹੋਏਗਾ, ਉਸ ਨੂੰ ਭਵਿੱਖ ਵਿੱਚ ਲੋਕ-ਗੀਤਾਂ ਜਿਹਾ ਆਦਰ-ਮਾਣ ਮਿਲ ਸਕੇਗਾ। ਬੰਗਾਲੀ ਸਾਹਿੱਤ ਵਿੱਚ ਸੀ ਰਾਬਿੰਦਰ ਨਾਥ ਟੈਗੋਰ ਦੁਆਰਾ ਲੋਕ-ਗੀਤਾਂ ਦੇ ਅਧਾਰ ‘ਤੇ ਲਿਖੇ ਗਏ ਗੀਤ ਅਤੇ ਪੰਜਾਬੀ ਸਾਹਿੱਤ ਵਿੱਚ ਪ੍ਰੋ: ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਦੁਆਰਾ ਪੰਜਾਬੀ ਲੋਕਗੀਤਾਂ ਦੇ ਅਧਾਰ ਤੇ ਰਚੇ ਗਏ ਗੀਤ ਅਤਿਅੰਤ ਸਲਾਹੇ ਗਏ।
ਪੰਜਾਬ ਤਾਂ ਗੀਤਾਂ ਦਾ ਦੇਸ਼ ਹੈ। ਪੰਜਾਬੀ ਦੇ ਜਨਮ ਤੋਂ ਲੈ ਕੇ ਮਰਨ ਤੱਕ ਦਾ ਸਾਰਾ ਜੀਵਨ ਗੀਤਾਂ ਦੀ ਗੂੰਜ ਵਿੱਚ ਬੀਤਦਾ ਹੈ। ਪੰਜਾਬੀ ਨੂੰ ਜੰਮਣ ਨਾਲ ਹੀ ਗੀਤਾਂ ਦੀ ‘ਘੁੱਟੀ ਦਿੱਤੀ ਜਾਂਦੀ ਹੈ, ਉਹ ਲਆਂ ਨਾਲ ਸੌਦਾ ਹੈ, “ਬਾਲ-ਕਿਕਲੀਆਂ ਪਾ ਪਾ ਵੱਡਾ ਹੁੰਦਾ ਹੈ, “ਬੋਲੀਆਂ ਪਾ ਪਾ ਹਲ ਵਾਹੁੰਦਾ ਹੈ ਤੇ ਡੰਗਰ ਚਾਰਦਾ ਹੈ, “ਢੋਲੇ’, ‘ਟੱਪੇ’ ਤੇ ‘ਮਾਹੀਏ’ ਗਾ ਗਾ ਪਿਆਰ-ਚਿਣਗਾਂ ਮਘਾਂਦਾ ਹੈ, “ਸਾਵੇਂ, ਬਾਰਾਂ-ਮਾਂਹ, “ਲੋਹੜੀ ਤੇ ਸਾਵਨ ਆਦਿ ਸੁਣਾ ਸੁਣਾ ਰੁੱਤਾਂ-ਤਿਉਹਾਰਾਂ ਨੂੰ ਮਨਾਉਂਦਾ ਹੈ, “ਘੋੜੀਆਂ, “ਸੁਹਾਗ”, “ਮਿਲਣੀਆਂ ਤੇ ਸਿਠਣੀਆਂ ਆਦਿ ਦੇ ਗੀਤਾਂ ਦੀ ਧੂਨੀ ਵਿੱਚ ਵਿਆਹਿਆ ਜਾਂਦਾ ਹੈ ਕਿ “ਅਲਾਹੁਣੀਆਂ ਦੀ ਗੂੰਜ ਵਿੱਚ ਸੁਰਗਵਾਸ ਹੋ ਜਾਂਦਾ ਹੈ।
ਜੇ ਅਸੀਂ ਆਪਣੀ ਪੁਰਾਣੀ ਸੱਭਿਅਤਾ ਨੂੰ ਸੁਰਜੀਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਸ਼ੋਰ ਗੀਤਾਂ ਦੇ ਭੰਡਾਰ ਨੂੰ ਚੰਗੀ ਤਰ੍ਹਾਂ ਸਾਂਭਣਾ ਚਾਹੀਦਾ ਹੈ।ਕਿਹਾ ਚੰਗਾ ਹੋਏ ਜੇ ਪੰਜਾਬ ਦੀ ਇਸ ਗੀ ਭਰੀ ਧਰਤੀ ਵਿੱਚ ਮੁੜ ਉਹੋ ਖ਼ੁਸ਼ੀਆਂ-ਭਰਿਆ ਸਮਾਂ ਆ ਜਾਏ ਜਿਸ ਵਿੱਚ ਖੁੱਲ੍ਹੇ ਸਨ ਤੇ ਗੀਤਾਂ · ਆਪ ਮੁਹਾਰੀ ਮਧੁਰਤਾ ਸੀ।