ਘਰ ਅਤੇ ਰੁੱਖ
Ghar ate Rukh
ਘਰ ਦੀ ਕਲਪਨਾ ਇੱਕ ਰੁੱਖ ਵਾਂਗ ਹੀ ਕੀਤੀ ਜਾ ਸਕਦੀ ਹੈ। ਇਹਨਾਂ ਦੋਹਾਂ ਵਿੱਚ ਕਈਆਂ ਪੱਖਾਂ ਤੋਂ ਸਾਂਝ ਹੈ। ਘਰ ਦਾ ਵਿਕਾਸ ਰੁੱਖ ਦੇ ਵਿਕਾਸ ਵਾਂਗ ਹੀ ਹੈ। ਜਿਵੇਂ ਰੁੱਖ ਵੱਡਾ ਹੁੰਦਾ ਅਤੇ ਫੈਲਦਾ ਹੈ ਉਸੇ ਤਰਾਂ ਘਰ-ਪਰਿਵਾਰ ਦਾ ਵੀ ਵਿਕਾਸ ਹੁੰਦਾ ਹੈ। ਰੁੱਖਾਂ ਤੋਂ ਸਾਨੂੰ ਕਈ ਸੁੱਖ ਪ੍ਰਾਪਤ ਹੁੰਦੇ ਹਨ। ਇਸੇ ਲਈ ਕਿਹਾ ਜਾਂਦਾ ਹੈ-ਇੱਕ ‘ਰੁੱਖ ਸੌ ਸੁੱਖ’। ਰੁੱਖ ਸਾਨੂੰ ਛਾਂ ਹੀ ਨਹੀਂ ਦਿੰਦੇ ਸਗੋਂ ਖਾਣ ਨੂੰ ਫਲ ਵੀ ਦਿੰਦੇ ਹਨ ਅਤੇ ਸਾਡੇ ਆਲੇ-ਦੁਆਲੇ ਨੂੰ ਵੀ ਸੁੰਦਰ ਬਣਾਉਂਦੇ ਹਨ। ਘਰ ਵੀ ਸਾਨੂੰ ਕਈ ਤਰ੍ਹਾਂ ਦੇ ਸੁੱਖ ਦਿੰਦਾ ਹੈ। ਜਿਸ ਤਰ੍ਹਾਂ ਰੁੱਖ ਨੂੰ ਫੁੱਲ ਅਤੇ ਫਲ ਲੱਗਦੇ ਹਨ ਉਸੇ ਤਰ੍ਹਾਂ ਘਰ ਵਿੱਚ ਵੀ ਖੁਸ਼ੀਆਂ ਦੇ ਫੁੱਲ ਖਿੜਦੇ ਹਨ ਅਤੇ ਮਿਹਨਤ ਨੂੰ ਫਲ ਲੱਗਦੇ ਹਨ। ਰੁੱਖ ਦੀਆਂ ਟਹਿਣੀਆਂ ਵਾਂਗ ਘਰ ਦੇ ਵੀ ਕਈ ਜੀਅ ਹੁੰਦੇ ਹਨ। ਘਰ ਦੇ ਜੀਆਂ ਦੀ ਰੁੱਖ ਦੀਆਂ ਟਹਿਣੀਆਂ ਵਾਂਗ ਹੀ ਆਪਸੀ ਸਾਂਝ ਹੁੰਦੀ ਹੈ। ਜਿਵੇਂ ਘਰ-ਪਰਿਵਾਰ ਦੇ ਜੀਵਨ ਵਿੱਚ ਦੁੱਖ-ਸੁੱਖ ਆਉਂਦੇ ਹਨ ਉਸੇ ਤਰ੍ਹਾਂ ਰੁੱਖਾਂ ਉੱਤੇ ਬਹਾਰ ਵੀ ਆਉਂਦੀ ਹੈ ਅਤੇ ਇਹਨਾਂ ਨੂੰ ਕੁਦਰਤੀ ਆਫ਼ਤਾਂ ਦਾ ਮੁਕਾਬਲਾ ਵੀ ਕਰਨਾ ਪੈਂਦਾ ਹੈ।ਜਿਵੇਂ ਬਹਾਰ ’ਤੇ ਆਏ ਰੁੱਖ ਨੂੰ ਦੇਖ ਕੇ ਮਨ ਖੁਸ਼ ਹੁੰਦਾ ਹੈ ਉਸੇ ਤਰ੍ਹਾਂ ਵਸਦੇ-ਰਸਦੇ ਘਰ ਨੂੰ ਦੇਖ ਕੇ ਵੀ ਖ਼ੁਸ਼ੀ ਮਿਲਦੀ ਹੈ। ਜਿਵੇਂ ਇਕੱਲੇ ਰੁੱਖ ਨਾਲੋਂ ਰੁੱਖਾਂ ਦੇ ਸਮੂਹ ਅਥਵਾ ਬਾਗ਼ ਵਧੇਰੇ ਸੁੰਦਰ ਲੱਗਦੇ ਹਨ ਉਸੇ ਤਰ੍ਹਾਂ ਇਕੱਲੇ ਘਰ ਨਾਲੋਂ ਘਰਾਂ ਤੋਂ ਬਣੇ ਪਿੰਡ ਤੇ ਸ਼ਹਿਰ ਹੋਰ ਵੀ ਜ਼ਿਆਦਾ ਆਕਰਸ਼ਿਤ ਕਰਦੇ ਹਨ। ਇਸ ਤਰ੍ਹਾਂ ਘਰ ਅਤੇ ਰੁੱਖ ਵਿੱਚ ਕਈ ਪੱਖਾਂ ਤੋਂ ਸਾਂਝ ਹੈ। ਸਾਨੂੰ ਘਰ ਵਾਂਗ ਹੀ ਰੁੱਖਾਂ ਦੀ ਦੇਖ-ਭਾਲ/ਸਾਂਭ-ਸੰਭਾਲ ਕਰਨੀ ਚਾਹੀਦੀ ਹੈ।