Our Generation
ਸਾਡੀ ਪੀੜ੍ਹੀ
ਇਹ ਮੰਨਣਾ ਪਵੇਗਾ ਕਿ ਸਾਡੀ ਪੀੜ੍ਹੀ ਨੇ ਇਸ ਦੁਨੀਆਂ ਵਿੱਚ ਜਿੰਨੀ ਤਬਦੀਲੀ ਵੇਖੀ ਹੈ, ਸਾਡੇ ਤੋਂ ਬਾਅਦ ਕਿਸੇ ਵੀ ਪੀੜ੍ਹੀ ਲਈ ਇੰਨੇ ਬਦਲਾਅ ਦੇਖਣਾ ਸ਼ਾਇਦ ਮੁਸ਼ਕਿਲ ਨਾਲ ਹੀ ਸੰਭਵ ਹੋਵੇਗਾ। ਅਸੀਂ ਆਖ਼ਰੀ ਪੀੜ੍ਹੀ ਹਾਂ ਜਿਨ੍ਹਾਂ ਨੇ “ਬੈਲ ਗੱਡੀ” ਤੋਂ ਲੈ ਕੇ “ਸੁਪਰ ਸੋਨਿਕ ਜੈੱਟ” ਤੱਕ ਦੇਖਿਆ ਹੈ। ਲੈਂਡਲਾਈਨ ਫੋਨਾਂ ਤੋਂ ਲੈ ਕੇ ਟੱਚ ਸਕਰੀਨ ਵਾਲੇ ਮਹਿੰਗੇ ਅਤੇ ਸਮਾਰਟ ਮੋਬਾਇਲ ਫੋਨ ਵੇਖੇ ਹਨ। ਅਸੀਂ ਉਹ ਪੀੜ੍ਹੀ ਹਾਂ ਜਿਸਨੇ “ਬੇਰੰਗ ਚਿੱਠੀਆਂ” ਤੋਂ ਲੈ ਕੇ “ਲਾਈਵ ਚੈਟਿੰਗ” ਤੱਕ ਵੇਖੀ ਹੈ ਅਤੇ “ਵਰਚੁਅਲ ਮੀਟਿੰਗਾਂ” ਵਰਗੀਆਂ ਬਹੁਤ ਸਾਰੀਆਂ ਹੋਰ ਚੀਜ਼ਾਂ ਵੀ ਸੰਭਵ ਹੁੰਦੀਆਂ ਵੇਖੀਆਂ ਹਨ ਜੋ ਪਹਿਲਾਂ ਬਿਲਕੁਲ ਹੀ ਅਸੰਭਵ ਜਾਪਦੀਆਂ ਸਨ। ਅਸੀਂ ਉਹ ਪੀੜ੍ਹੀ ਹਾਂ ਜਿਹਨਾਂ ਨੇ ਮਿੱਟੀ ਗਾਰੇ ਦੇ ਘਰਾਂ ਵਿਚ ਬੈਠ ਕੇ ਰਾਜਿਆਂ ਅਤੇ ਰਾਣੀਆਂ ਦੀਆਂ ਕਹਾਣੀਆਂ ਸੁਣੀਆਂ ਹਨ। ਜ਼ਮੀਨ ਤੇ ਬੈਠ ਕੇ ਖਾਧਾ ਹੈ ਅਤੇ ਪਲੇਟ ਵਿੱਚ ਪਾ ਕੇ ਚਾਹ ਪੀਤੀ ਹੈ। ਸਿਨੇਮਾ ਵੇਖਣਾ ਸਾਡੇ ਲਈ ਇੱਕ ਬਹੁਤ ਵੱਡੀ ਵਿਸ਼ੇਸ਼ ਮੁਹਿੰਮ ਅਤੇ ਉਪਲਬਧੀ ਹੁੰਦੀ ਸੀ।
ਅਸੀਂ ਉਹ ਲੋਕ ਹਾਂ ਜਿਹਨਾਂ ਨੇ ਬਚਪਨ ਵਿੱਚ ਆਪਣੇ ਦੋਸਤਾਂ ਨਾਲ ਰਵਾਇਤੀ ਖੇਡਾਂ ਜਿਵੇਂ ਕਿ ਗੁੱਲੀ ਡੰਡਾ, ਛੁਪਣ ਛੁਪਾਈ, ਛੂਹਣ ਛੁਹਾਈ, ਖੋਹ-ਖੋਹ, ਕਬੱਡੀ, ਪਿੱਠੂ ਗਰਮ, ਗੀਟੀਆਂ ਅਤੇ ਬੰਟੇ ਆਦਿ ਖੇਡੇ ਹਨ। ਅਸੀਂ ਉਸ ਪਿਛਲੀ ਪੀੜ੍ਹੀ ਦੇ ਲੋਕ ਹਾਂ ਜਿਹਨਾਂ ਨੇ ਚਾਂਦਨੀ ਰਾਤ ਵਿੱਚ, ਲੈਂਪ ਜਾਂ ਬੱਲਬ ਦੇ ਪੀਲੇ ਚਾਨਣ ਹੇਠ ਪੜ੍ਹਾਈ ਕੀਤੀ ਹੈ ਅਤੇ ਦਿਨ ਦੇ ਚਾਨਣ ਵਿੱਚ ਇੱਕ ਚਾਦਰ ਹੇਠ ਲੁਕ ਕੇ ਨਾਵਲ ਪੜ੍ਹੇ ਹਨ। ਅਸੀਂ ਉਹੀ ਪੀੜ੍ਹੀ ਹਾਂ ਜਿਹਨਾਂ ਨੇ ਚਿੱਠੀਆਂ ਰਾਹੀਂ ਆਪਣੇ ਅਜ਼ੀਜ਼ਾਂ ਲਈ ਆਪਣੀਆਂ ਭਾਵਨਾਵਾਂ ਦਾ ਆਦਾਨ-ਪ੍ਰਦਾਨ ਕੀਤਾ ਹੈ ਅਤੇ ਉਹਨਾਂ ਦੀਆਂ ਚਿੱਠੀਆਂ ਦੇ ਜਵਾਬ ਆਉਣ ਦਾ ਵੀ ਮਹੀਨਿਆਂ ਬੱਧੀ ਇੰਤਜ਼ਾਰ ਕੀਤਾ ਹੈ। ਅਸੀਂ ਉਸੇ ਪਿਛਲੀ ਪੀੜ੍ਹੀ ਦੇ ਲੋਕ ਹਾਂ ਜਿਹਨਾਂ ਨੇ ਆਪਣਾ ਬਚਪਨ ਪੱਖੇ, ਕੂਲਰ, ਏ.ਸੀ., ਹੀਟਰ, ਗੀਜ਼ਰ, ਫਰਿਜਾਂ ਅਤੇ ਰਸੋਈ ਗੈਸ ਤੋਂ ਬਿਨਾਂ ਬਿਤਾਇਆ ਹੈ ਅਤੇ ਬਿਜਲੀ ਤੋਂ ਬਗੈਰ ਵੀ ਵਕਤ ਗੁਜ਼ਾਰਿਆ ਹੈ। ਨਲਕਿਆਂ, ਖੂਹਾਂ ਅਤੇ ਘੜਿਆਂ ਦਾ ਪਾਣੀ ਪੀਤਾ ਹੈ। ਨਹਿਰਾਂ ਅਤੇ ਸੂਇਆਂ ਵਿੱਚ ਗੋਤੇ ਲਾਏ ਹਨ ਅਤੇ ਦਰਖਤਾਂ ਦੀ ਛਾਂ ਹੇਠ ਸਿਖ਼ਰ ਦੁਪਹਿਰਾਂ ਕੱਟੀਆਂ ਹਨ ਅਤੇ ਜੰਗਲ ਪਾਣੀ ਲਈ ਲੰਮੀਆਂ ਲੰਮੀਆਂ ਵਾਟਾਂ ਤੈਅ ਕੀਤੀਆਂ ਹਨ।
ਅਸੀਂ ਉਹੀ ਆਖਰੀ ਲੋਕ ਹਾਂ ਜੋ ਅਕਸਰ ਆਪਣੇ ਛੋਟੇ ਛੋਟੇ ਵਾਲਾਂ ਤੇ ਜਿਆਦਾ ਸਰ੍ਹੋਂ ਦਾ ਤੇਲ ਲਗਾ ਕੇ ਸਕੂਲਾਂ ਅਤੇ ਵਿਆਹਾਂ ਵਿੱਚ ਚਾਅ ਨਾਲ ਜਾਂਦੇ ਸਾਂ। ਸਾਈਕਲ ਸਿੱਖਣਾ ਸਾਡੇ ਲਈ ਕਾਰ ਸਿੱਖਣ ਦੇ ਬਰਾਬਰ ਹੁੰਦਾ ਸੀ। ਪਹਿਲਾਂ ਅੱਧੀ ਕੈਂਚੀ, ਫਿਰ ਪੂਰੀ ਕੈਂਚੀ, ਫਿਰ ਡੰਡਾ ਤੇ ਫਿਰ ਕਾਠੀ। ਕਾਰ ਵਿੱਚ ਬੈਠਣ ਦਾ ਮੌਕਾ ਮਿਲਣਾ ਤਾਂ ਵੱਡੀ ਖੁਸ਼ ਨਸੀਬੀ ਸਮਝੀ ਜਾਂਦੀ ਸੀ। ਅਸੀਂ ਉਸੇ ਪਿਛਲੀ ਪੀੜ੍ਹੀ ਦੇ ਲੋਕ ਹਾਂ ਜਿਹਨਾਂ ਨੇ ਕਿਤਾਬਾਂ, ਕੱਪੜੇ ਅਤੇ ਹੱਥ, ਦਵਾਤ ਦੀ ਸਿਆਹੀ ਜਾਂ ਕਲਮ ਨਾਲ ਕਾਲੇ ਜਾਂ ਨੀਲੇ ਕੀਤੇ ਹਨ। ਕਾਨੇ ਦੀ ਕਲਮ ਨਾਲ ਗਾਚਣੀ ਵਾਲੀ ਫੱਟੀ ਤੇ ਅਤੇ ਸਲੇਟੀ ਨਾਲ ਸਲੇਟ ਤੇ ਲਿਖਿਆ ਹੈ ਅਤੇ ਟੀਚਰਾਂ ਨੂੰ ਚਾਕ ਨਾਲ ਬਲੈਕ ਬੋਰਡਾਂ ਤੇ ਲਿਖਦਿਆਂ ਵੇਖਿਆ ਹੈ। ਸਕੂਲ ਬੈਗਾਂ ਦੀ ਥਾਂ ਕੱਪੜੇ ਦੇ ਝੋਲੇ ਢੋਏ ਹਨ। ਕੁਰਸੀਆਂ ਜਾਂ ਬੈਂਚਾਂ ਦੀ ਥਾਂ, ਥੱਲੇ ਧਰਤੀ ਤੇ ਬੋਰੀਨੁਮਾ ਟਾਟਾਂ ਤੇ ਬੈਠੇ ਹਾਂ। ਅਸੀਂ ਉਹੀ ਆਖਰੀ ਲੋਕ ਹਾਂ ਜਿਹਨਾਂ ਨੇ ਪਹਿਲਾਂ ਸਕੂਲ ਵਿੱਚ ਅਧਿਆਪਕਾਂ ਤੋਂ ਅਤੇ ਫਿਰ ਘਰ ਆ ਕੇ ਸ਼ਿਕਾਇਤ ਕਰਨ ਤੋਂ ਬਾਅਦ ਘਰਦਿਆਂ ਤੋਂ ਦੁਬਾਰਾ ਕੁੱਟ ਖਾਧੀ ਹੈ।
ਅਸੀਂ ਉਹ ਆਖਰੀ ਲੋਕ ਹਾਂ ਜਿਹੜੇ ਦੂਰੋਂ ਹੀ ਇਲਾਕੇ ਦੇ ਬਜ਼ੁਰਗਾਂ ਨੂੰ ਵੇਖ ਕੇ ਘਰ ਭੱਜ ਜਾਂਦੇ ਸਾਂ ਅਤੇ ਡਰ ਦੀ ਆਖਰੀ ਹੱਦ ਤੱਕ ਸਮਾਜ ਦੇ ਬਜ਼ੁਰਗਾਂ ਦਾ ਸਤਿਕਾਰ ਕਰਦੇ ਸਾਂ। ਅਸੀਂ ਉਹੀ ਆਖਰੀ ਲੋਕ ਹਾਂ ਜਿਹਨਾਂ ਨੇ ਚਿੱਟੇ ਕੈਨਵਸ ਦੀਆਂ ਜੁੱਤੀਆਂ ਨੂੰ ਚਾਕ ਪੇਸਟ ਲਗਾ ਕੇ ਚਮਕਦਾਰ ਬਣਾਇਆ ਹੈ। ਅਸੀਂ ਓਹੀ ਆਖਰੀ ਲੋਕ ਹਾਂ ਜਿਹਨਾਂ ਨੇ ਗੁੜ ਦੀ ਚਾਹ ਪੀਤੀ ਹੈ। ਕਾਲੇ ਜਾਂ ਲਾਲ ਦੰਦ ਮੰਜਨ ਨਾਲ, ਦੰਦਾਂ ਦੇ ਚਿੱਟੇ ਪਾਊਡਰ ਨਾਲ ਅਤੇ ਕਈ ਵਾਰ ਨਮਕ ਜਾਂ ਕੱਚੇ ਕੋਇਲੇ ਨਾਲ ਵੀ ਦੰਦ ਸਾਫ਼ ਕੀਤੇ ਹਨ। ਬੰਟੇ ਵਾਲੀ ਬੋਤਲ, ਦੁੱਧ ਸੋਡਾ ਜਾਂ ਕੋਕਾ ਕੋਲਾ ਪੀਣਾ ਸਾਡੇ ਲਈ ਕਿਸੇ ਵੱਡੇ ਜਸ਼ਨ ਤੋਂ ਘੱਟ ਨਹੀਂ ਸੀ ਹੁੰਦਾ।
ਅਸੀਂ ਨਿਸ਼ਚਤ ਰੂਪ ਵਿੱਚ ਉਹ ਲੋਕ ਹਾਂ ਜਿਹਨਾਂ ਨੇ ਚਾਨਣੀਆਂ ਰਾਤਾਂ ਵਿੱਚ ਰੇਡੀਓ ਤੇ ਬੀ.ਬੀ.ਸੀ., ਵਿਵਿਧ ਭਾਰਤੀ, ਆਲ ਇੰਡੀਆ ਰੇਡੀਓ ਅਤੇ “ਬਿਨਾਕਾ ਗੀਤ ਮਾਲਾ” ਅਤੇ “ਹਵਾ ਮਹਿਲ” ਵਰਗੇ ਪ੍ਰੋਗਰਾਮਾਂ ਨੂੰ ਪੂਰੇ ਦਿਲ ਨਾਲ ਸੁਣਿਆ ਹੈ ਅਤੇ ਟੈਲੀਵਿਜਨ ਦੇ ਸ਼ੁਰੂਆਤੀ ਦੌਰ ਵਿੱਚ ਟੀਵੀ ਤੇ ਫ਼ਿਲਮਾਂ ਜਾਂ ਚਿੱਤਰਹਾਰ ਵੇਖਣ ਲਈ ਅਮੀਰ ਗੁਆਂਢੀਆਂ ਦੇ ਤਰਲੇ ਵੀ ਕੱਢੇ ਹਨ। ਅਸੀਂ ਓਹੀ ਆਖਰੀ ਲੋਕ ਹਾਂ ਜਿਹੜੇ ਗਰਮੀਆਂ ਵਿੱਚ ਸ਼ਾਮ ਹੁੰਦਿਆਂ ਹੀ ਘਰ ਦੀਆਂ ਛੱਤਾਂ ਤੇ ਪਾਣੀ ਛਿੜਕਦੇ ਹੁੰਦੇ ਸਾਂ ਅਤੇ ਬਾਅਦ ਵਿੱਚ ਬਿਸਤਰਿਆਂ ਤੇ ਚਿੱਟੀਆਂ ਚਾਦਰਾਂ ਵਿਛਾ ਕੇ ਸੌਂਦੇ ਸਾਂ ਜਿੱਥੇ ਇੱਕ ਸਟੈਂਡ ਵਾਲਾ ਇਕਲੌਤਾ ਪੱਖਾ ਸਭ ਨੂੰ ਹਵਾ ਦੇਣ ਲਈ ਵਰਤਿਆ ਜਾਂਦਾ ਸੀ ਅਤੇ ਸਵੇਰੇ ਸੂਰਜ ਨਿਕਲਣ ਤੋਂ ਬਾਅਦ ਵੀ ਅਸੀਂ ਜਾਣ ਬੁੱਝ ਕੇ, ਢੀਠ ਬਣਕੇ ਸੁੱਤੇ ਰਹਿੰਦੇ ਸਾਂ। ਪਰ ਹੁਣ ਉਹ ਸਾਰੇ ਸਮੇਂ ਲੰਘ ਗਏ ਹਨ। ਹੁਣ ਬਿਸਤਰਿਆਂ ਤੇ ਚਿੱਟੀਆਂ ਚਾਦਰਾਂ ਨਹੀਂ ਵਿਛਾਈਆਂ ਜਾਂਦੀਆਂ। ਬੱਸ ਛੋਟੇ ਛੋਟੇ ਬਕਸਿਆਂ ਵਰਗੇ ਕਮਰਿਆਂ ਵਿੱਚ ਕੂਲਰ ਜਾਂ ਏ.ਸੀ. ਦੇ ਸਾਹਮਣੇ ਹੀ ਉਦਾਸ ਦਿਨ ਤੇ ਰਾਤ ਲੰਘਦੇ ਹਨ।
ਅਸੀਂ ਪਿਛਲੀ ਪੀੜ੍ਹੀ ਦੇ ਓਹੀ ਲੋਕ ਹਾਂ ਜਿਹਨਾਂ ਨੇ ਉਹ ਸੁੰਦਰ ਸਬੰਧ ਅਤੇ ਉਹ ਲੋਕ ਵੇਖੇ ਹਨ ਜੋ ਆਪਣੀ ਮਿਠਾਸ ਸਭ ਨਾਲ ਸਾਂਝੀ ਕਰਿਆ ਕਰਦੇ ਸਨ। ਉਹ ਲੋਕ ਜਿਹੜੇ ਹੁਣ ਨਿਰੰਤਰ ਘਟਦੇ ਜਾ ਰਹੇ ਹਨ। ਹੁਣ ਤਾਂ ਲੋਕ ਜਿੰਨੇ ਜ਼ਿਆਦਾ ਪੜ੍ਹ ਲਿਖ ਗਏ ਹਨ, ਉੱਨੇ ਹੀ ਜ਼ਿਆਦਾ ਉਹ ਸਵਾਰਥ, ਬੇਚੈਨੀ, ਅਨਿਸ਼ਚਿਤਤਾ, ਇਕੱਲਤਾ ਅਤੇ ਨਿਰਾਸ਼ਾ ਵਿਚ ਗੁਆਚ ਗਏ ਹਨ। ਪਰ ਅਸੀਂ ਉਹ ਲੋਕ ਵੀ ਹਾਂ ਜਿਹਨਾਂ ਨੇ ਰਿਸ਼ਤਿਆਂ ਦੀ ਮਿਠਾਸ ਦੇ ਨਾਲ ਨਾਲ ਇੱਕ ਦੂਸਰੇ ਪ੍ਰਤੀ ਅੰਤਾਂ ਦੀ ਬੇਵਿਸ਼ਵਾਸੀ ਭਰੀ ਨਜ਼ਰ ਵੀ ਵੇਖੀ ਹੈ ਕਿਓਂਕਿ ਅੱਜ ਦੇ ਕਰੋਨਾ ਦੇ ਦੌਰ ਵਿੱਚ ਅਸੀਂ ਪਰਿਵਾਰਕ ਰਿਸ਼ਤੇਦਾਰਾਂ ਵਿੱਚ ਬਹੁਤ ਸਾਰੇ ਪਤੀ-ਪਤਨੀਆਂ, ਪਿਤਾ-ਪੁੱਤਰਾਂ ਅਤੇ ਭੈਣ ਭਰਾਵਾਂ ਆਦਿ ਨੂੰ ਇੱਕ ਦੂਜੇ ਨੂੰ ਛੂਹਣ ਤੋਂ ਵੀ ਡਰਦੇ ਹੋਏ ਵੇਖਿਆ ਹੈ। ਪਰਿਵਾਰਕ ਰਿਸ਼ਤੇਦਾਰਾਂ ਦੀ ਤਾਂ ਗੱਲ ਹੀ ਕੀ ਕਰਨੀ, ਅਸੀਂ ਤਾਂ ਆਦਮੀ ਨੂੰ ਆਪਣੇ ਹੱਥ ਨਾਲ ਆਪਣੇ ਹੀ ਨੱਕ ਅਤੇ ਮੂੰਹ ਨੂੰ ਛੂਹਣ ਤੋਂ ਵੀ ਡਰਦੇ ਹੋਏ ਵੇਖਿਆ ਹੈ। ਅੱਜ ਅਸੀਂ ਅਰਥੀਆਂ ਨੂੰ ਵੀ ਬਿਨਾ ਕਿਸੇ ਮੋਢਿਆਂ ਤੋਂ ਸ਼ਮਸ਼ਾਨਘਾਟਾਂ ਵਿੱਚ ਜਾਂਦੇ ਹੋਏ ਵੀ ਵੇਖਿਆ ਹੈ। ਮਿਰਤਕ ਸਰੀਰ ਨੂੰ “ਅੱਗ ਦਾ ਦਾਗ” ਵੀ ਦੂਰੋਂ ਹੀ ਲਗਦਾ ਵੇਖਿਆ ਹੈ।
ਅਸੀਂ ਅੱਜ ਦੇ ਭਾਰਤ ਦੀ ਉਹ ਇਕਲੌਤੀ ਪੀੜ੍ਹੀ ਹਾਂ ਜਿਸਨੇ ਬਚਪਨ ਵਿੱਚ ਆਪਣੇ ਮਾਪਿਆਂ ਦੀ ਗੱਲ ਸੁਣੀ ਹੈ ਅਤੇ ਹੁਣ ਬੱਚਿਆਂ ਦੀ ਸੁਣ ਰਹੇ ਹਾਂ। ਭਾਵ ਸਾਡੀ ਕਦੀ ਕਿਸੇ ਨੇ ਨਹੀਂ ਸੁਣੀ। ਇੱਕ ਗੱਲ ਹੋਰ, ਅੱਜ ਕੱਲ ਵਿਆਹਾਂ ਵਿੱਚ “ਬੱਫੇ” ਖਾਣ ਵਿੱਚ ਉਹ ਖੁਸ਼ੀ ਨਹੀਂ ਜਿਹੜੀ ਸਾਡੇ ਵੇਲੇ ਪੰਗਤ ਵਿੱਚ ਬੈਠ ਕੇ ਸਬਜ਼ੀ ਦੇਣ ਵਾਲੇ ਨੂੰ ਹਿਲਾ ਕੇ ਸਬਜ਼ੀ ਦੇਣ ਲਈ ਜਾਂ ਫਿਰ ਕੇਵਲ ਤਰੀ ਪਾਉਣ ਨੂੰ ਕਹਿਣ ਵਿੱਚ ਸੀ। ਉਂਗਲਾਂ ਦੇ ਇਸ਼ਾਰੇ ਨਾਲ ਦੋ ਲੱਡੂ ਜਾਂ ਗੁਲਾਬ ਜਾਮੁਨ ਮੰਗਣੇ, ਪੂਰੀਆਂ ਨੂੰ ਛਾਂਟ ਛਾਂਟ ਕੇ ਅਤੇ ਗਰਮ ਦੇਣ ਲਈ ਕਹਿਣਾ, ਪਿਛਲੀ ਕਤਾਰ ਵਿਚ ਝਾਤ ਮਾਰ ਕੇ ਵੇਖਣਾ ਕਿ ਉੱਥੇ ਕੀ ਆ ਗਿਆ ਹੈ ਅਤੇ ਇੱਥੇ ਕੀ ਬਚਿਆ ਹੈ ਅਤੇ ਜੋ ਨਹੀਂ ਹੈ ਉਸ ਲਈ ਆਵਾਜ਼ ਦੇਣੀ, ਰਾਇਤੇ ਵਾਲੇ ਨੂੰ ਦੂਰੋਂ ਆਉਂਦੇ ਨੂੰ ਵੇਖ ਕੇ ਤੁਰੰਤ ਆਪਣੇ ਪਹਿਲੇ ਰਾਇਤੇ ਨੂੰ ਪੀ ਜਾਣਾ, ਪਿਛਲੀ ਕਤਾਰ ਤੱਕ ਕਿੰਨਾ ਸਮਾਂ ਲੱਗੇਗਾ ਉਸ ਅਨੁਸਾਰ ਬੈਠਣ ਦੀ ਸਥਿਤੀ ਬਣਾਉਣਾ ਅਤੇ ਅੰਤ ਵਿੱਚ ਪਾਣੀ ਲੱਭਣਾ। ਐਸਾ ਸਮਾਂ ਹੁਣ ਨਹੀ ਲੱਭਣਾ।